ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਜੂਨ
ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਮਨੁੱਖ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲਿਜਾਣ, ਤਰਾਸ਼ਣ, ਵਧੀਆ ਨਾਗਰਿਕ ਬਣਾਉਣ, ਸੰਸਕਾਰ ਦੇਣ ਅਤੇ ਦੇਸ਼ ਦੇ ਹਰ ਮੋਰਚੇ ’ਤੇ ਖੜ੍ਹੇ ਹੋ ਕੇ ਜ਼ਿੰਮੇਵਾਰੀ ਨਿਭਾਉਣ ਦੇ ਲਾਇਕ ਬਣਾਉਣ ਦਾ ਕੰਮ ਕਰਦੀਆਂ ਹਨ। ਉਹ ਅੱਜ ਸਿੱਖ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਛਾਉਣੀ ਵਿੱਚ ਸਕੂਲ ਦੇ ਬਾਨੀ ਜਥੇਦਾਰ ਸੰਤੋਖ ਸਿੰਘ ਦੇ ਨਾਂ ’ਤੇ ਬਣਨ ਵਾਲੇ ਬਲਾਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸਕੂਲ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਸਵਾਗਤੀ ਭਾਸ਼ਣ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਸ੍ਰੀ ਵਿੱਜ ਨੇ ਸਿੱਖਿਆ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਤਕਨੀਕੀ ਸਿੱਖਿਆ ਨੂੰ ਵਧਾਉਣ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ 700 ਬੱਚੇ ਪੜ੍ਹ ਰਹੇ ਹਨ ਅਤੇ ਜਿਸ ਜਥੇਦਾਰ ਸੰਤੋਖ ਸਿੰਘ ਬਲਾਕ ਦਾ ਅੱਜ ਉਨ੍ਹਾਂ ਨੇ ਨੀਂਹ ਪੱਥਰ ਰੱਖਿਆ ਹੈ, ਇਸ ਵਿੱਚ 10 ਨਵੇਂ ਕਮਰੇ ਬਣਨੇ ਹਨ। ਉਨ੍ਹਾਂ ਨੇ ਇਸ ਬਲਾਕ ਦੇ ਨਿਰਮਾਣ ਲਈ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਮੰਤਰੀ ਦਾ ਸਨਮਾਨ ਕੀਤਾ ਗਿਆ।