ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 26 ਅਪਰੈਲ
ਸੂਬੇ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਆਗਾਮੀ ਨਗਰਪਾਲਿਕਾ ਚੋਣਾਂ ਸਬੰਧੀ ਨਰਾਇਣਗੜ੍ਹ ਦੀ ਸਾਈਂ ਧਾਮ ਸੇਵਾ ਸਮਿਤੀ ਵੱਲੋਂ ਰੱਖੇ ਪ੍ਰੋਗਰਾਮ ਸਮੇਤ ਸ਼ਹਿਰ ਦੇ ਕਈ ਵਾਰਡਾਂ ਦਾ ਦੌਰਾ ਕੀਤਾ ਅਤੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਪੁੱਜਣ ’ਤੇ ਸਾਈਂ ਧਾਮ ਸੇਵਾ ਸਮਿਤੀ ਦੇ ਆਗੂ ਮਨੀਸ਼ ਮਿੱਤਲ ਸਮੇਤ ਹੋਰਨਾਂ ਨੇ ਕੰਵਰਪਾਲ ਗੁੱਜਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੰਵਰਪਾਲ ਗੁੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਜਲਦੀ ਹੀ ਨਗਰਪਾਲਿਕਾ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ, ਜਿਸ ਕਾਰਨ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਮੰਤਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਡਿਊਟੀ ਨਰਾਇਣਗੜ੍ਹ ਵਿੱਚ ਲਗਾਈ ਗਈ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਨੀਤੀਆਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਚੇਅਰਮੈਨ ਦੇ ਅਹੁਦੇ ਲਈ ਜਿਸ ਨੂੰ ਵੀ ਟਿਕਟ ਮਿਲੇਗੀ, ਸਾਰੇ ਉਸ ਦਾ ਸਾਥ ਦੇਣਗੇ। ਉਨ੍ਹਾਂ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੇ ਵਿਤਕਰੇ ਬਾਰੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਕੰਵਰਪਾਲ ਗੁੱਜਰ ਨੇ ‘ਆਪ’ ਦੇ ਵਧ ਰਹੇ ਕੁਨਬੇ ਬਾਰੇ ਪੁੱਛੇ ਸਵਾਲ ’ਤੇ ਕਿਹਾ ਕਿ ‘ਆਪ’ ਦਾ ਪਰਿਵਾਰ ਨਹੀਂ ਵਧ ਰਿਹਾ, ਜਿਸ ਵਿਅਕਤੀ ਨੂੰ ਕਿਤੇ ਵੀ ਥਾਂ ਨਹੀਂ ਮਿਲ ਰਹੀ, ਉਹ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਬਟੋਰਾ, ਸੁਰਿੰਦਰ ਰਾਣਾ, ਸੁਮਨ ਸੈਣੀ, ਟੋਨੀ ਚਾਨਣਾ, ਪੁਸ਼ਪਿੰਦਰ ਸਿੰਘ ਹਾਜ਼ਰ ਸਨ।