ਪੱਤਰ ਪ੍ਰੇਰਕ
ਯਮੁਨਾਨਗਰ, 23 ਸਤੰਬਰ
ਭਾਜਪਾ ਮੰਡਲ ਪ੍ਰਤਾਪ ਨਗਰ ਵਿੱਚ ਭਾਜਪਾ ਵਰਕਰਾਂ ਅਤੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਅਤੇ ਆੜ੍ਹਤੀ ਵਿਰੋਧੀ ਨਹੀਂ ਹਨ । ਇਨ੍ਹਾਂ ਕਾਨੂੰਨਾਂ ਦੇ ਅਧੀਨ ਕਿਸਾਨ ਦੇਸ਼ ਵਿੱਚ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਹੈ ਅਤੇ ਆੜ੍ਹਤੀ ਆਪਣੇ ਪੈਨ ਕਾਰਡ ਰਾਹੀਂ ਕਿਤੇ ਵੀ ਬਿਨਾਂ ਲਾਇਸੈਂਸ ਦੇ ਵਪਾਰ ਕਰ ਸਕਦਾ ਹੈ । ਉਨ੍ਹਾਂ ਕਣਕ ਅਤੇ ਦਾਲਾਂ ਸਮੇਤ ਹੋਰ ਫਸਲਾਂ ਦੇ ਐੱਮਐੱਸਪੀ ਵਿੱਚ 50 ਤੋਂ ਲੈ ਕੇ 300 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਖੇਤੀ ਸੁਧਾਰ ਕਾਨੂੰਨ ਕਿਸਾਨਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਦਿਵਾਉਣਗੇ । ਬੈਠਕ ਵਿੱਚ ਪ੍ਰਤਾਪ ਨਗਰ ਮੰਡਲ ਪ੍ਰਧਾਨ ਪ੍ਰਵੀਨ ਅੱਗਰਵਾਲ ਨੇ ਸਿੱਖਿਆ ਮੰਤਰੀ ਨੂੰ ਪਗੜੀ ਅਤੇ ਸਾਬਕਾ ਮੰਡਲ ਪ੍ਰਧਾਨ ਕੈਲਾਸ਼ ਚੰਦ ਸਰਮਾ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਭਾਜਪਾ ਪ੍ਰਤਾਪ ਨਗਰ ਮੰਡਲ ਦੇ ਜਨਰਲ ਸਕੱਤਰ ਬਲਵਿੰਦਰ ਗੁੱਜਰ, ਵਰਿੰਦਰ ਚੌਧਰੀ ਮੌਜੂਦ ਸਨ।