ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਕਾਂਗਰਸੀ ਆਗੂ ਤੇ ਵਰਕਰਾਂ ਨੇ ਇਥੇ ਕਾਂਗਰਸ ਭਵਨ ਵਿੱਚ ਕੇਂਦਰ ਸਰਕਾਰ ਵੱਲੋਂ ਈਡੀ ਦਾ ਦੁਰਉਪਯੋਗ ਕਰਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਵਾਰ-ਵਾਰ ਬੁਲਾ ਕੇ ਤੰਗ ਕਰਨ ਵਿਰੁੱਧ ਸੱਤਿਆਗ੍ਰਹਿ ਕੀਤਾ, ਜਿਸ ਦੀ ਅਗਵਾਈ ਸਾਬਕਾ ਮੰਤਰੀ ਅਸ਼ੋਕ ਅਰੋੜਾ ਤੇ ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਕੀਤੀ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ’ਤੇ ਈਡੀ ਅਤੇ ਸੀਬੀਆਈ ਸਣੇ ਹੋਰ ਜਾਂਚ ਏਜੰਸੀਆਂ ਦਾ ਗਲਤ ਪ੍ਰਯੋਗ ਕਰਨ ਦਾ ਦੋਸ਼ ਲਾਇਆ। ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਸਥਿਤੀ ਇਹ ਹੋ ਗਈ ਹੈ ਕਿ ਜੋ ਵੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਖ਼ਿਲਾਫ਼ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਈਡੀ, ਸੀਬੀਆਈ ਤੇ ਚੋਣ ਕਮਿਸ਼ਨ ’ਤੇ ਲੋਕਾਂ ਦਾ ਭਰੋਸਾ ਅਜੇ ਵੀ ਹੈ, ਇਸੇ ਲਈ ਜਦੋਂ ਵੀ ਕਿਸੇ ਸੂਬੇ ਵਿਚ ਘਟਨਾ ਵਾਪਰਦੀ ਹੈ ਤਾਂ ਲੋਕ ਸਰਕਾਰ ਨਾਲ ਸਹਿਮਤ ਨਾ ਹੋਣ ’ਤੇ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ। ਲੋਕਾਂ ਦਾ ਇਨ੍ਹਾਂ ਏਜੰਸੀਆਂ ’ਤੇ ਵਿਸ਼ਵਾਸ ਬਣੇ ਰੱਖਣ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਦਾ ਦੁਰਉਪਯੋਗ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਹਿੰਗਾਈ ਚਰਮ ਸੀਮਾ ’ਤੇ ਹੈ, ਆਮ ਆਦਮੀ ਨੂੰ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ। ਪਾਰਲੀਮੈਂਟ ਦੇ ਸੈਸ਼ਨ ਵਿੱਚ ਇਨ੍ਹਾਂ ਮੁੱਦਿਆਂ ’ਤੇ ਵਿਰੋਧੀ ਧਿਰ ਆਪਣੀ ਆਵਾਜ਼ ਨਾ ਚੁੱਕੇ ਇਸ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰ ਆਗੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਲਾਡਵਾ ਦੇ ਵਿਧਾਇਕ ਨੇ ਕਿਹਾ ਕਿ ਭਾਜਪਾ ਬੋਖਲਾਅ ਗਈ ਹੈ। ਸਰਕਾਰ ਸੰਵਿਧਾਨਿਕ ਸੰਸਥਾਵਾਂ ਦਾ ਦੁਰਉਪਯੋਗ ਕਰਕੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਲਗਾਤਾਰ 9 ਦਿਨ ਈਡੀ ਦੇ ਦਫਤਰ ਵਿਚ ਬਿਠਾ ਕੇ ਰੱਖਿਆ, ਹੁਣ ਉਹੀ ਕੰਮ ਸੋਨੀਆ ਗਾਂਧੀ ਨਾਲ ਹੋ ਰਿਹਾ ਹੈ। ਕਾਂਗਰਸ ਪਾਰਟੀ ਪੁੱਛਗਿੱਛ ਦੇ ਖ਼ਿਲਾਫ਼ ਨਹੀਂ ਹੈ ਪਰ ਵਾਰ-ਵਾਰ ਪੁੱਛਗਿੱਛ ਦੇ ਨਾਂ ’ਤੇ ਸੱਦ ਕੇ ਤੰਗ ਕਰਨਾ ਲੋਕਤੰਤਰ ਦੇ ਖ਼ਿਲਾਫ਼ ਹੈ। ਇਸ ਮੌਕੇ ਕਾਂਗਰਸ ਆਗੂ ਮਨਦੀਪ ਚੱਠਾ, ਜਲੇਸ਼ ਸ਼ਰਮਾ, ਸੁਰਿੰਦਰ ਸੈਣੀ, ਸੁਨੀਤਾ ਨੇਹਰਾ ਆਦਿ ਤੋਂ ਇਲਾਵਾ ਕਈ ਕਾਂਗਰਸੀ ਆਗੂ ਮੌਜੂਦ ਸਨ।