ਪੱਤਰ ਪ੍ਰੇਰਕ
ਰਤੀਆ, 9 ਮਾਰਚ
ਪਿੰਡ ਕਮਾਨਾ ਦੇ ਨੇੜੇ ਡੀਏਵੀ ਸਕੂਲ ਦੀ ਵੈਨ ਅਤੇ ਗੈਸ ਸਿਲੰਡਰ ਸਪਲਾਈ ਕਰਨ ਜਾ ਰਹੀ ਭਾਰਤ ਗੈਸ ਏਜੰਸੀ ਦੀ ਈ ਰਿਕਸ਼ਾ ਦੀ ਟੱਕਰ ਹੋ ਗਈ। ਦੋਵੇਂ ਵਾਹਨ ਸੜਕ ਤੋਂ ਹੇਠਾਂ ਡੂੰਘੇ ਖੇਤਾਂ ਵਿਚ ਉਤਰ ਗਏ। ਈ ਰਿਕਸ਼ਾ ਦੇ ਪਲਟਣ ਨਾਲ ਰਿਕਸ਼ਾ ਚਾਲਕ ਗੁਰਸੇਵਕ ਸਿੰਘ ਵਾਸੀ ਰਤੀਆ ਜਖ਼ਮੀ ਹੋ ਗਿਆ, ਉਥੇ ਸਕੂਲ ਵੈਨ ਵਿਚ ਸਵਾਰ ਸਾਰੇ ਬੱਚੇ ਅਤੇ ਡਰਾਈਵਰ ਕੰਡਕਟਰ ਵਾਲ-ਵਾਲ ਬਚ ਗਏ। ਜਖ਼ਮੀ ਰਿਕਸ਼ਾ ਚਾਲਕ ਗੁਰਸੇਵਕ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੁਪਹਿਰ ਸਮੇਂ ਛੁੱਟੀ ਉਪਰੰਤ ਡੀਏਵੀ ਸਕੂਲ ਦੀ ਵੈਨ ਪਿੰਡ ਕਮਾਨਾ ਦੇ ਨਾਲ ਲੱਗਦੇ ਹੋਰ ਪਿੰਡਾਂ ਨੂੰ ਬੱਚਿਆਂ ਨੂੰ ਛੱਡਣ ਲਈ ਜਾ ਰਹੀ ਸੀ ਕਿ ਪਿੰਡ ਕਮਾਨਾ ਦੇ ਨੇੜੇ ਇਹ ਹਾਦਸਾ ਵਾਪਰ ਗਿਆ। ਦੁਰਘਟਨਾ ਵੇਲੇ ਬੱਸ ਵਿਚ ਕਰੀਬ 24 ਬੱਚੇ ਸਵਾਰ ਸਨ। ਉਧਰ ਗੁਰਸੇਵਕ ਨੇ ਦੋਸ਼ ਲਗਾਇਆ ਕਿ ਸਕੂਲ ਵੈਨ ਨੇ ਉਸ ਦੇ ਰਿਕਸ਼ਾ ਨੂੰ ਪਿੱਛੋਂ ਟੱਕਰ ਮਾਰੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।