ਨਿੱਜੀ ਪੱਤਰ ਪ੍ਰੇਰਕ
ਸਿਰਸਾ, 6 ਮਾਰਚ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਆਖਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਕੀਤੇ ਗਏ ਸਰਵੇ ਦੇ ਆਧਾਰ ਉੱਤੇ ਨਾਬਾਰਡ ਅਤੇ ਸਟੇਟ ਫੰਡ ਰਾਹੀਂ ਸੜਕਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ਬਣਾਏ ਗਏ ਹਨ। ਜਿਸ ਤਹਿਤ ਸੜਕਾਂ ਨੂੰ 12 ਫੁੱਟ ਤੋਂ 18 ਫੁੱਟ ਤੱਕ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਵੀ ਕੀਤਾ ਜਾਵੇਗਾ। ਇਸ ਲੜੀ ਉਪ ਮੁੱਖ ਮੰਤਰੀ ਨੇ ਜ਼ਿਲ੍ਹਾ ਸਿਰਸਾ ਦੀਆਂ ਵੱਖ-ਵੱਖ ਸੜਕਾਂ ਲਈ ਸਾਢੇ 46 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸੱਤ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ ਅਤੇ ਇੱਕ ਸੜਕ ਦਾ ਨਵਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਉਪ ਮੁੱਖ ਮੰਤਰੀ ਨੇ ਲੋਕ ਉਸਾਰੀ ਅਰਾਮ ਘਰ ਕੰਪਲੈਕਸ ਵਿੱਚ ਬੂਟਾ ਵੀ ਲਾਇਆ। ਇਸ ਮੌਕੇ ਜਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮਸੀਤਾਂ, ਐਡੀਸ਼ਨਲ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਪਿਛਲੇ ਸਾਲ ਮਾਰਕੀਟਿੰਗ ਬੋਰਡ ਵੱਲੋਂ 6 ਕਰਮ ਤੋਂ ਘੱਟ ਦੀਆਂ ਸਾਰੀਆਂ ਸੜਕਾਂ ਨੂੰ ਲੋਕ ਉਸਾਰੀ ਵਿਭਾਗ ਨੂੰ ਸੌਂਪ ਦਿੱਤਾ ਸੀ, ਉਨ੍ਹਾਂ ਵਿਚੋਂ 50 ਫ਼ੀਸਦੀ ਸੜਕਾਂ ਦੇ ਮਜਬੂਤੀ ਅਤੇ ਸੁਧਾਰੀਕਰਨ ਦਾ ਕੰਮ ਚਾਲੂ ਵਿੱਤ ਸਾਲ ਵਿੱਚ ਕਰ ਦਿੱਤਾ ਗਿਆ ਹੈ ਅਤੇ ਬਾਕੀ 50 ਫ਼ੀਸਦੀ ਅਗਲੇ ਵਿੱਤੀ ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ।