ਪੱਤਰ ਪ੍ਰੇਰਕ
ਟੋਹਾਣਾ, 16 ਅਕਤੂਬਰ
ਖੇਤੀ ਦੇ ਤਿੰਨ ਨਵੇਂ ਕਾਨੂੰਨਾਂ ਦੇ ਹੱਕ ਵਿੱਚ ਇੱਥੋਂ ਦੀ ਭਾਜਪਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਵੱਲੋ ਕੱਢੀ ਗਈ ਟਰੈਕਟਰ ਯਾਤਰਾ ਦਾ ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਗਿਆ। ਭੋਡੀਆਂ ਰੋਡ ’ਤੇ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਤੋਂ ਲੈ ਕੇ ਸ਼ਹੀਦ ਮਦਨ ਲਾਲ ਢੀਂਗਰਾ ਚੌਕ ਤੱਕ ਪੁਲੀਸ ਨੇ ਥਾ-ਥਾਂ ’ਤੇ ਨਾਕੇ ਲਾਏ ਹੋਏ ਸਨ। ਕਿਸਾਨਾਂ ਦੇ ਕਾਲੇ ਝੰਡਿਆਂ ਨਾਲ ਇਕੱਠੇ ਹੋਣ ’ਤੇ ਪਿੰਡ ਢਿੰਗਸਰਾ ਤੋਂ ਯਾਤਰਾ ਸ਼ੁਰੂ ਕੀਤੀ ਗਈ ਤੇ ਭੋੜੀਆਂ ਖੇੜਾ ਦੇ ਕੋਲ ਰੈਸਟ ਹਾਊਸ ’ਤੇ ਖ਼ਤਮ ਹੋ ਗਈ। ਸੰਸਦ ਮੈਂਬਰ ਸੁਨੀਤਾ ਦੁੱਗਲ ਰੈਸਟ ਹਾਊਸ ਵਿੱਚ ਪੱਤਰਕਾਰਾਂ ਨੂੰ ਮਿਲਣ ਦੀ ਬਜਾਏ ਭੀੜ ਵਿੱਚ ਘਿਰੀ ਰਹੀ ਤੇ ਜਦੋਂ ਉਹ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸ ਰਹੀ ਸੀ ਤਾਂ ਕਿਸਾਨਾਂ ਦਾ ਇਕੱਠ ਦੇਖ ਕੇ ਉਨ੍ਹਾਂ ਦੇ ਪੀਏ ਨੇ ਸੰਸਦ ਮੈਂਬਰਾਂ ਦੇ ਕੰਨ ਵਿੱਚ ਕੁੱਝ ਕਿਹਾ ਤਾਂ ਉਹ ਵਿਚਾਲੇ ਭਾਸ਼ਣ ਛੱਡ ਕੇਚਲੀ ਗਈ। ਭਾਜਪਾ ਦੀ ਟਰੈਕਟਰ ਯਾਤਰਾ ਦੇ ਵਿਰੋਧ ਵਿੱਚ ਆੜ੍ਹਤੀ ਜੱਥੇਬੰਦੀਆਂ ਦੇ ਪ੍ਰਧਾਨ ਜਗਦੀਸ਼ ਭਾਦੂ, ਕਿਸਾਨ ਸੰਘਰਾਮ ਕਮੇਟੀ ਦੇ ਪ੍ਰਧਾਨ ਮਨਦੀਪ ਨੱਥਵਾਨ ਦੇ ਜਥੇ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਮਿੰਨੀ ਬਾਈਪਾਸ ’ਤੇ ਰੋਕ ਦਿੱਤਾ। ਪੁਲੀਸ ਨੇ ਸੰਸਦ ਮੈਂਬਰ ਨੂੰ ਭੋੜੀਆਂ ਖੇੜਾ ਨਹਿਰ ਨੇੜੇ ਖੈਰਾਤੀ ਖੇੜਾ ਰੋਡ ਦੇ ਰਾਸਤੇ ਭੇਜ ਦਿੱਤਾ। ਕਿਸਾਨਾਂ ਨੇ ਸੰਸਦ ਮੈਂਬਰ ਨੂੰ ਕਾਲੇ ਝੰਡੇ ਦਿਖਾਏ ਤੇ ਨਾਅਰੇਬਾਜ਼ੀ ਕੀਤੀ। ਕਿਸਾਨ ਸੰਸਦ ਮੈਂਬਰ ਦੇ ਟਰੈਕਟਰ ਅੱਗੇ ਪੈ ਗਏ। ਇਸ ਮੌਕੇ ਮਨਦੀਪ ਨੱਥਵਾਨ ਨੇ ਕਿਹਾ ਕਿ ਭਾਜਪਾ ਦੀ ਬੀਬੀ ਦੀ ਪ੍ਰਸਤਾਵਿੱਤ ਭੱਠੂ ਤੋਂ ਫਤਿਹਾਬਾਦ ਟਰੈਕਟਰ ਯਾਤਰਾ ਕਿਸਾਨਾਂ ਦੇ ਵਿਰੋਧ ਕਰਕੇ ਅੱਧ ਵਿਚਾਲੇ ਛੱਡਣੀ ਪਈ। ਵਪਾਰੀਆਂ ਤੇ ਕਿਸਾਨ ਜੱਥੇਬੰਦੀਆਂ ਨੇ ਅਨਾਜ ਮੰਡੀ ਦੇ ਮੁੱਖ ਗੇਟ ’ਤੇ ਟੈਂਟ ਲਾ ਕੇ ਧਰਨਾ ਮਾਰ ਦਿੱਤਾ ਸੀ ਤੇ ਇਸ ਨੂੰ ਦੇਖ ਕੇ ਟਰੈਕਟਰ ਰੈਲੀ ਵਿੱਚ ਵਿਚਾਲੇ ਹੀ ਸਮਾਪਤ ਕਰਨੀ ਪਈ।