ਪ੍ਰਭੂ ਦਿਆਲ
ਸਿਰਸਾ, 10 ਸਤੰਬਰ
ਪਿੰਡ ਸੁਚਾਨ ਵਾਸੀ ਸਦਾ ਸਿੰਘ ਨੇ ਡੱਬਵਾਲੀ ਰੋਡ ਸਥਿਤ ਇਕ ਡਾਕਟਰ ’ਤੇ ਕਥਿਤ ਕਾਲੀ ਫੰਗਸ ਦੱਸ ਕੇ ਉਸ ਤੋਂ ਹਜ਼ਾਰਾਂ ਰੁਪਏ ਲੁਟੇ ਜਾਣ ਦਾ ਇਲਜ਼ਾਮ ਲਾਇਆ ਹੈ। ਇਸ ਸਬੰਧੀ ਸਦਾ ਸਿੰਘ ਨੇ ਸੀਐੱਮ ਵਿੰਡੋ ’ਚ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਦਾ ਸਿੰਘ ਨੇ ਦੱਸਿਆ ਕਿ ਕਰੋਨਾ ਤੋਂ ਠੀਕ ਹੋਣ ਮਗਰੋਂ ਉਸ ਦੀ ਇਕ ਅੱਖ ਵਿੱਚ ਸੋਜ਼ ਆਈ ਤਾਂ ਉਾ ਡੱਬਵਾਲੀ ਰੋਡ ’ਤੇ ਇਕ ਹਸਪਤਾਲ ’ਚ ਗਿਆ ਜਿਥੇ ਤਾਂ ਡਾਕਟਰ ਨੇ ਬਲੈਕ ਫੰਗਸ ਦੱਸ ਕੇ ਜਾਂਚ ਲੈਬਾਰਟਰੀ ਤੋਂ ਜਾਂਚ ਕਰਵਾਈ ਤੇ ਮਾਮੂਲੀ ਫੰਗਸ ਦੱਸ ਕੇ ਡਰਾਇਆ ਗਿਆ ਤੇ ਇਲਾਜ ਦੇ ਨਾਂ ’ਤੇ ਉਸ ਤੋਂ ਹਜ਼ਾਰਾਂ ਰੁਪਏ ਜਮ੍ਹਾਂ ਕਰਵਾ ਲਏ ਗਏ। ਜਦੋਂ ਹੋਰ ਲੈਬ ਤੋਂ ਜਾਂਚ ਕਰਵਾਈ ਗਈ ਤਾਂ ਉਸ ਵਿੱਚ ਬਲੈਕ ਫੰਗਸ ਨਹੀਂ ਆਈ। ਇਸ ਤੋਂ ਪਹਿਲਾਂ ਡਾਕਟਰਾਂ ਨੇ ਬਲੈਕ ਫੰਗਸ ਦੇ ਨਾਂ ’ਤੇ ਮਹਿੰਗੀਆਂ ਦਵਾਈਆਂ ਮਰੀਜ਼ ਤੋਂ ਮੰਗਵਾ ਲਈਆਂ ਤੇ ਬਲੈਕ ਫੰਗਸ ਦਾ ਡਰ ਦਿਖਾ ਕੇ ਇੱਕ ਅਪਰੇਸ਼ਨ ਵੀ ਕਰ ਦਿੱਤਾ। ਸਦਾ ਸਿੰਘ ਨੇ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਡਾਕਟਰਾਂ ਦੀ ਟੀਮ ਤੋਂ ਜਾਂਚ ਕਰਵਾਈ ਜਾਵੇ ਅਤੇ ਮੁਲਜ਼ਮ ਡਾਕਟਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏ। ਇਸ ਸਬੰਧੀ ਹਸਪਤਾਲ ਦੇ ਸੰਚਾਲਕ ਨੇ ਕਿਹਾ ਕਿ ਉਹ ਜਾਂਚ ਟੀਮ ਅੱਗੇ ਆਪਣਾ ਪੱਖ ਰੱਖ ਚੁੱਕੇ ਹਨ, ਜੋ ਵੀ ਉਹ ਫੈਸਲਾ ਲੈਣਗੇ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਨੇ ਇਲਾਜ ਵਿੱਚ ਕਿਸੇ ਤਰ੍ਹਾਂ ਦੀ ਲਾਪ੍ਰਵਾਈ ਤੋਂ ਇਨਕਾਰ ਕੀਤਾ ਹੈ।