ਪੱਤਰ ਪ੍ਰੇਰਕ
ਯਮੁਨਾਨਗਰ, 13 ਦਸੰਬਰ
ਜ਼ਿਲ੍ਹਾ ਪੱਧਰੀ ਗੀਤਾ ਮਹਾਉਤਸਵ ਮੌਕੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਹਿੰਦੂ ਗਰਲਜ਼ ਕਾਲਜ ਜਗਾਧਰੀ ਵਿੱਚ ਸ੍ਰੀ ਮਦਭਗਵਤਾ ਗੀਤਾ ’ਤੇ ਸੈਮੀਨਾਰ ਕਰਵਾਇਆ ਗਿਆ। ਮੁੱਖ ਮਹਿਮਾਨ ਵੱਜੋਂ ਵਿਚਾਰ ਪ੍ਰਗਟ ਕਰਦਿਆਂ ਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਨੇ ਕਿਹਾ ਕਿ ਗੀਤਾ ਵਿੱਚ ਧਰਮ ਦਾ ਅਰਥ ਸਹੀ ਆਚਰਨ ਨਾਲ ਜੀਵਨ ਜਿਊਣਾ ਹੈ। ਉਨ੍ਹਾਂ ਕਿਹਾ ਕਿ ਗੀਤਾ ਚਾਰ ਵੇਦਾਂ ਦਾ ਸਾਰ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਗੀਤਾ ਦੇ ਸਾਰ ਨੂੰ ਵਿਦਿਅਕ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਨਿਰਣਾ ਲਿਆ ਹੈ। ਇਸ ਦੌਰਾਨ ਜਗਾਧਰੀ ਦੇ ਐੱਸਡੀਐੱਮ ਸੁਸ਼ੀਲ ਕੁਮਾਰ ਨੇ ਕਿਹਾ ਕਿ ਕੋਰਟ ਵਿੱਚ ਵੀ ਗੀਤਾ ਦੀ ਕਸਮ ਚੁਕਾਈ ਜਾਂਦੀ ਹੈ। ਇਸ ਲਈ ਗੀਤਾ ਦੇ ਉਪਦੇਸ਼ਾਂ ’ਤੇ ਅਮਲ ਕਰਦਿਆਂ ਆਪਣੀ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਸੈਮੀਨਾਰ ਵਿੱਚ ਸੇਵਾਮੁਕਤ ਪ੍ਰਿੰਸੀਪਲ ਸੁਰੇਸ਼ ਪਾਲ, ਡਾ. ਸੰਜੀਵ ਗਾਂਧੀ, ਡਾ. ਸਵਾਤੀ, ਡਾ. ਉੱਜਵਲਾ ਸ਼ਰਮਾ, ਅਸ਼ੋਕ ਬੰਸਲ ਅਤੇ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਗੀਤਾ ਨੂੰ ਸੰਕਟਮੋਚਨ ਦਾ ਦਰਸ਼ਨ ਸ਼ਾਸਤਰ ਦੱਸਿਆ ਅਤੇ ਗੀਤਾ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ। ਸ਼ਾਮ ਦੇ ਸੈਸ਼ਨ ਵਿੱਚ ਜੰਗਮ ਪਾਰਟੀ ਨੇ ਸ਼ਿਵ ਸ਼ਕਤੀ ਵਿਆਹ ਸਤੂਤੀ, ਜੈਨ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਲੀਲਾ ਨ੍ਰਿਤ, ਈਸ਼ਾ ਪਾਰਟੀ ਅਤੇ ਸਪੇਰਾ ਬੀਨ ਪਾਰਟੀ ਅਤੇ ਨਗਾੜਾ ਪਾਰਟੀ ਨੇ ਆਪੋ ਅਪਣੀਆਂ ਕਲਾਵਾਂ ਵਿਖਾ ਦੀ ਪੇਸ਼ਕਾਰੀ ਕੀਤੀ। ਨਿਗਮ ਦੇ ਮੇਅਰ ਮਦਨ ਚੌਹਾਨ ਨੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਬਲਜੀਤ ਕੌਰ, ਪੰਡਤ ਸਿਆਨੰਦ ਤੇ ਡੀਪੀਆਰਓ ਦੇਵਿੰਦਰ ਸ਼ਰਮਾ ਤੋਂ ਇਲਾਵਾ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।
ਬੱਚਿਆਂ ਨੂੰ ਗੀਤਾ ਦਾ ਪਾਠ ਪੜ੍ਹਾਉਣਾ ਚਾਹੀਦੈ: ਸੰਦੀਪ ਸਿੰਘ
ਪਿਹੋਵਾ (ਸਤਪਾਲ ਰਾਮਗੜ੍ਹੀਆ): ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਪਿਹੋਵਾ ਉਪ ਮੰਡਲ ‘ਚ ਜ਼ਿਲ੍ਹਾ ਪੱਧਰੀ ਗੀਤਾ ਜਯੰਤੀ ਮਹਾਉਤਸਵ ਦੇ ਦੂਜੇ ਦਿਨ ਦੀਪ ਜਗਾ ਕੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ| ਇਸ ਮੌਕੇ ਐੱਸਆਈਐੱਸ ਅਕੈਡਮੀ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਪਹਿਲਾਂ ਉਪ ਮੰਡਲ ਅਫ਼ਸਰ ਸੋਨੂੰ ਰਾਮ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਖੇਡ ਮੰਤਰੀ ਸੰਦੀਪ ਸਿੰਘ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਜੈ ਸਿੰਘ ਪਾਲ ਵਾਈਸ ਚੇਅਰਮੈਨ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਬੋਰਡ ਨੇ ਦੀਪ ਜਗਾ ਕੇ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਉਤਸਵ ਦੀ ਸ਼ੁਰੂਆਤ ਕੀਤੀ| ਖੇਡ ਮੰਤਰੀ ਸੰਦੀਪ ਸਿੰਘ ਨੇ ਸੋਮਵਾਰ ਨੂੰ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹਾਉਤਸਵ ‘ਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੀਤਾ ਇਕ ਪਵਿੱਤਰ ਧਾਰਮਿਕ ਗ੍ਰੰਥ ਹੋਣ ਦੇ ਨਾਲ-ਨਾਲ ਜੀਵਨ ਜਿਉਣ ਦੀ ਕਲਾ ਵੀ ਸਿਖਾਉਂਦੀ ਹੈ, ਜਿਸ ‘ਚ ਚੰਗੇ ਕੰਮ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਥੇ ਵਿੱਚ ਆਏ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਗੀਤਾ ਦੇ ਗਿਆਨ ਤੋਂ ਲਗਾਤਾਰ ਜਾਣੂ ਕਰਵਾਉਣ ਅਤੇ ਗੀਤਾ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਕਿਤੇ ਵੀ ਨਹੀਂ ਮਿਲਦੇ, ਪਰ ਗੀਤਾ ਪੜ੍ਹ ਕੇ ਹਰ ਸਵਾਲ ਦਾ ਜਵਾਬ ਆਸਾਨੀ ਨਾਲ ਮਿਲ ਜਾਵੇਗਾ। ਗੀਤਾ ਦਾ ਸਾਰ ਆਪਣੇ ਟੀਚੇ ਤੱਕ ਪਹੁੰਚਣ ਲਈ ਆਪਣੇ ਮਨ ਨੂੰ ਇਕਾਗਰ ਕਰਕੇ ਸਹੀ ਦਿਸ਼ਾ ਦਿਖਾਉਣਾ ਹੈ। ਉਨ੍ਹਾਂ ਕਿਹਾ ਕਿ ਗੀਤਾ ਤੋਂ ਹਰ ਵਰਗ ਦੇ ਵਿਅਕਤੀ ਨੂੰ ਸਿੱਖਣ ਨੂੰ ਮਿਲਦਾ ਹੈ। ਮੇਲੇ ਦੇ ਦੂਜੇ ਦਿਨ ਐੱਸਆਈਐੱਸ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ, ਸ਼ਿਵ ਸਿੱਖਿਆ ਨਿਕੇਤਨ ਸਕੂਲ ਦੇ ਬੱਚਿਆਂ ਵੱਲੋਂ ਗਰੁੱਪ ਡਾਂਸ, ਐਸਡੀਐਸਐਨ ਪਬਲਿਕ ਸਕੂਲ ਵੱਲੋਂ ਪੰਜਾਬੀ ਡਾਂਸ, ਕੁਲਬੀਰ ਸੈਣੀ ਵੱਲੋਂ ਸੂਫ਼ੀ ਗਾਇਨ ਕੀਤਾ ਗਿਆ।