ਪੱਤਰ ਪ੍ਰੇਰਕ
ਫਰੀਦਾਬਾਦ: 7 ਸਤੰਬਰ
ਕੌਮੀ ਮਾਰਗ ਨੰਬਰ-2 ’ਤੇ ਟੌਲ ਰੋਡ ਬਣਾਏ ਜਾਣ ਮਗਰੋਂ ਫਰੀਦਾਬਾਦ ਸ਼ਹਿਰ ਦੇ ਪੂਰਬੀ ਤੇ ਪੱਛਮੀ ਹਿੱਸਿਆਂ ਦੇ ਲੋਕਾਂ ਨੂੰ ਮਥੁਰਾ ਰੋਡ ਦੇ ਦੋਵੇਂ ਪਾਸੇ ਆਉਣ-ਜਾਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਕਿਉਂਕਿ ਕੌਮੀ ਮਾਰਗ ’ਤੇ ਬਣੇ ਪੁਲਾਂ ਦੀਆਂ ਲਾਲ ਬੱਤੀਆਂ ਉੱਪਰ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸ਼ਹਿਰ ਵਾਸੀਆਂ ਨੇ ਪੁਲੀਸ ਤੇ ਪ੍ਰਸ਼ਾਸਨ ਤੋਂ ਸਮੱਸਿਆ ਨੂੰ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।
ਬੱਲਭਗੜ੍ਹ ਚੌਕ, ਵਾਈਐੱਮਸੀਏ ਤਿਰਾਹਾ, ਸੈਕਟਰ-7 ਚੌਕ, ਬਾਟਾ ਚੌਕ, ਨੀਲਮ ਚੌਕ, ਪੁਰਾਣਾ ਫਰੀਦਾਬਾਦ ਚੌਕ, ਸੈਕਟਰ-29 ਚੌਕ ਤੇ ਬਦਰਪੁਰ ਕੋਲ ਸੈਕਟਰ-37 ਦੇ ਕੱਟ ਉੱਪਰ ਸ਼ਹਿਰ ਦੇ ਪੂਰਬੀ ਤੋਂ ਪੱਛਮੀ ਹਿੱਸੇ ਵੱਲ ਆਉਣ-ਜਾਣ ਵਾਲਿਆਂ ਜਾਂ ਖੱਬੇ-ਸੱਜੇ ਮੁੜਨ ਲਈ ਲਾਲ ਬੱਤੀਆਂ ’ਤੇ ਉਡੀਕ ਕਰਨੀ ਪੈਂਦੀ ਹੈ। ਟੌਲ ਰੋਡ ਦੇ ਨਾਲ ਬਣੀ ਸਰਵਿਸ ਲੇਨ ਵਿੱਚ ਥਾਂ-ਥਾਂ ਟੋਏ ਪੈ ਗਏ ਹਨ ਜਿਸ ਕਾਰਨ ਟਰੈਫਿਕ ਦੀ ਰਫ਼ਤਾਰ ਸੁਸਤ ਰਹਿੰਦੀ ਹੈ। ਸਮਾਜ ਸੇਵੀ ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਪੂਰਬੀ ਤੇ ਪੱਛਮੀ ਹਿੱਸੇ ਤੋਂ ਇੱਕ-ਦੂਜੀ ਥਾਂ ਜਾਣ ਲਈ ਬੱਤੀਆਂ ਪਾਰ ਕਰਨ ਸਮੇਂ ਸਮਾਂ ਬਰਬਾਦ ਹੁੰਦਾ ਹੈ।
ਇਸੇ ਦੌਰਾਨ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਸਰਵਿਸ ਰੋਡ ’ਤੇ ਲੋਕਾਂ ਵੱਲੋਂ ਗੱਡੀਆਂ ਖੜ੍ਹੀਆਂ ਕੀਤੇ ਜਾਣ ਕਾਰਨ ਵੀ ਜਾਮ ਲੱਗਦੇ ਹਨ। ਹਾਲਾਂਕਿ, ਬਾਟਾ ਚੌਕ ’ਤੇ ਟਰੈਫਿਕ ਪੁਲੀਸ ਨੇ ਬੈਰੀਕੇਡ ਲਾਏ ਹਨ ਪਰ ਫਿਰ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।