ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 18 ਅਪਰੈਲ
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਲੜੀ ਵਿੱਚ ਗੁਰੂ ਤੇਗ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ ਖਾਸ ਕਰਕੇ ਨੌਜਵਾਨ ਸ਼ਕਤੀ ਨੂੰ ਇੱਕ ਸਕਾਰਾਤਮਕ ਸੰਦੇਸ਼ ਦੇਵੇਗਾ। ਇਹ ਗੱਲ ਸੂਬਾ ਪੱਧਰ ’ਤੇ ਗਠਿਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਸਾਹਿਤ ਅਕਾਦਮੀ ਹਰਿਆਣਾ ਦੇ ਜ਼ਿਲ੍ਹਾ ਫਰੀਦਾਬਾਦ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਕਹੀ। ਉਹ ਸੋਮਵਾਰ ਨੂੰ ਮਿਨੀ ਸਕੱਤਰੇਤ ਸਥਿਤ ਕਾਨਫਰੰਸ ਹਾਲ ਵਿੱਚ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੇ ਸਨ। ਗੁਰਵਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਡੀਸੀ ਜਤਿੰਦਰ ਯਾਦਵ ਨੇ 24 ਅਪਰੈਲ ਨੂੰ ਪਾਨੀਪਤ ਵਿੱਚ ਹੋਣ ਵਾਲੇ ਸੂਬਾ ਪੱਧਰੀ ਪ੍ਰਕਾਸ਼ ਪੁਰਬ ਵਿੱਚ ਫਰੀਦਾਬਾਦ ਜ਼ਿਲ੍ਹੇ ਦੇ ਵੱਖ-ਵੱਖ ਗੁਰਦੁਆਰਿਆਂ, ਮੰਦਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਇਸ ਤੋਂ ਪਹਿਲਾਂ ਸਿਰਸਾ, ਕਰਨਾਲ ਤੇ ਯਮੁਨਾਨਗਰ ਆਦਿ ਥਾਵਾਂ ’ਤੇ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਲੈ ਕੇ ਪ੍ਰੋਗਰਾਮ ਕਰਵਾਏ ਹਨ। ਇਸ ਵਾਰ 400ਵੇਂ ਪ੍ਰਕਾਸ਼ ਪੁਰਬ ’ਤੇ ਪਾਨੀਪਤ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਗੁਰੂਆਂ ਦੀ ਕੁਰਬਾਨੀ, ਤਿਆਗ ਅਤੇ ਤਪੱਸਿਆ ਤੋਂ ਜਾਣੂ ਕਰਵਾਉਣਾ ਹੈ। ਅਜਿਹੇ ਸਮਾਗਮ ਵਿੱਚ ਸ਼ਮੂਲੀਅਤ ਧਰਮ ਨੂੰ ਮਜ਼ਬੂਤ ਕਰਦੀ ਹੈ।
ਉਨ੍ਹਾਂ ਮੀਟਿੰਗ ਵਿਚ ਪਹੁੰਚੇ ਵੱਖ-ਵੱਖ ਗੁਰਦੁਆਰਿਆਂ ਦੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਪ੍ਰਕਾਸ਼ ਪੁਰਬ ਤੱਕ ਆਪਣੇ ਗੁਰੂ ਘਰ ਨੂੰ ਚੰਗੀ ਤਰ੍ਹਾਂ ਸਜਾਉਣ ਅਤੇ ਉਨ੍ਹਾਂ ਵਿਚ ਰੋਸ਼ਨੀ ਦਾ ਪ੍ਰਬੰਧ ਕਰਨ। ਇਸ ਮੌਕੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਪ੍ਰੋਗਰਾਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਐੱਸ.ਡੀ.ਐੱਮ ਬੱਲਭਗੜ੍ਹ ਤ੍ਰਿਲੋਕ ਚੰਦ, ਐੱਸ.ਡੀ.ਐੱਮ ਬਡਖਲ ਪੰਕਜ ਸੇਤੀਆ, ਜ਼ਿਲ੍ਹਾ ਪਰਿਸ਼ਦ ਦੀ ਡਿਪਟੀ ਸੀਈਓ ਅੰਕਿਤਾ ਅਧਿਕਾਰੀ, ਸੀਟੀਐੱਮ ਨਸੀਬ ਕੁਮਾਰ, ਆਰ.ਟੀ.ਏ ਜਤਿੰਦਰ ਗਹਿਲਾਵਤ, ਵੱਖ-ਵੱਖ ਸਮਾਜਿਕ-ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।