ਪ੍ਰਭੂ ਦਿਆਲ
ਸਿਰਸਾ, 8 ਫਰਵਰੀ
ਜਨਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਰਲੋ ਲੈਣਾ ਡੇਰਾ ਸਿਰਸਾ ਮੁਖੀ ਦਾ ਅਧਿਕਾਰ ਹੈ। ਸਰਕਾਰ ਤੇ ਪ੍ਰਸ਼ਾਸਨ ਨੇ ਸਾਰੇ ਹਾਲਾਤ ਧਿਆਨ ਵਿਚ ਰੱਖਦਿਆਂ ਹੀ ਡੇਰਾ ਮੁਖੀ ਨੂੰ ਫਰਲੋ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੁਝ ਦਿਨ ਪਹਿਲਾਂ ਐੱਸਵਾਈਐਲ ਦਾ ਪਾਣੀ ਹਰਿਆਣਾ ਵਿੱਚ ਲਿਆਉਣ ਲਈ ‘ਜੇਲ੍ਹ ਭਰੋ’ ਦਾ ਨਾਟਕ ਕਰ ਰਹੇ ਸਨ, ਉਹ ਹੀ ਹੁਣ ਅਕਾਲੀਆਂ ਨਾਲ ਹੱਥ ਮਿਲਾ ਰਹੇ ਹਨ। ਇਨੈਲੋ ਦੋਗਲੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨੈਲੋ ਪਹਿਲਾਂ ਤਾਂ ਐੱਸਵਾਈਐੱਲ ਦਾ ਪਾਣੀ ਲਿਆਉਣ ਲਈ ‘ਜੇਲ੍ਹ ਭਰੋ’ ਅੰਦੋਲਨ ਕਰ ਰਹੀ ਸੀ ਤੇ ਹੁਣ ਜਿਹੜੇ ਲੋਕ ਐੱਸਵਾਈਐੱਲ ਦਾ ਪਾਣੀ ਹਰਿਆਣਾ ’ਚ ਨਹੀਂ ਆਉਣ ਦਿੰਦੇ ਉਨ੍ਹਾਂ ਨਾਲ ਹੱਥ ਮਿਲਾ ਰਹੀ ਹੈ। ਐੱਸਵਾਈਐੱਲ ਦਾ ਪਾਣੀ ਸੂਬੇ ਵਿਚ ਆਉਣਾ ਚਾਹੀਦਾ ਹੈ।
ਇਸ ਦੀ ਮਜ਼ਬੂਤੀ ਨਾਲ ਪੈਰਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ-ਜਜਪਾ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨਿੱਜੀ ਸੈਕਟਰ ’ਚ ਨੌਕਰੀਆਂ ਲਈ 75 ਫੀਸਦੀ ਕੋਟਾ ਤੈਅ ਕੀਤਾ ਪਰ ਕਈ ਲੋਕ ਇਸ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਹੁਣ ਇਹ ਮਾਮਲਾ ਅਦਾਲਤ ਵਿੱਚ ਹੈ। ਸਰਕਾਰ ਪੂਰੀ ਮਜ਼ਬੂਤੀ ਨਾਲ ਇਸ ਮਾਮਲੇ ਦੀ ਪੈਰਵੀ ਕਰੇਗੀ ਅਤੇ ਸੂਬੇ ਦੇ ਨੌਜਵਾਨਾਂ ਨੂੰ ਨਿੱਜੀ ਸੈਕਟਰ ’ਚ ਨੌਕਰੀਆਂ ਮੁਹੱਈਆ ਕਰਵਾਏਗੀ। ਬਾਕੀ ਅਦਾਲਤ ਦਾ ਫ਼ੈਸਲਾ ਸਿਰ ਮੱਥੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਜਪਾ ਕਾਰਕੁਨਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਨਿਸ਼ਾਨ ਸਿੰਘ, ਜ਼ਿਲ੍ਹਾ ਪਾਰਟੀ ਬੁਲਾਰਾ ਤਰਸੇਮ ਮਿੱਢਾ, ਸ਼ਗਨਜੀਤ ਗਿੱਲ, ਜੈਪਾਲ ਨੈਨ ਤੇ ਹੋਰ ਹਾਜ਼ਰ ਸਨ।