ਦੇਵਿੰਦਰ ਸਿੰਘ
ਯਮੁਨਾਨਗਰ, 29 ਸਤੰਬਰ
ਸੀਵਰੇਜ ਵਿੱਚ ਕੰਮ ਕਰਦੇ ਸਮੇਂ ਹੋ ਰਹੀਆਂ ਮੌਤਾਂ, ਦਿਨ-ਦਿਹਾੜੇ ਹੋ ਰਹੇ ਕਤਲਾਂ, ਹਰਿਆਣਾ ਰਾਜ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ’ਤੇ ਹੋ ਰਹੇ ਹਮਲਿਆਂ, ਔਰਤਾਂ ਅਤੇ ਲੜਕੀਆਂ ਦੇ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਬੇਰਹਿਮ ਕਤਲਾਂ ਉੱਤੇ ਰੋਕ ਲਗਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਵਰਗੇ ਮੁੱਦਿਆਂ ਸਬੰਧੀ ਨਗਰਪਾਲਿਕਾ ਐਂਪਲਾਈਜ਼ ਯੂਨੀਅਨ ਅਤੇ ਫਾਇਰ ਬ੍ਰਿਗੇਡ ਵਿਭਾਗ ਯੂਨੀਅਨ ਦੇ ਮੈਂਬਰ ਨਵੀਂ ਅਨਾਜ ਮੰਡੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਨੇ ਕੀਤੀ, ਜਦਕਿ ਸਟੇਜ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ। ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜਾ ਕੇ ਤਹਿਸੀਲਦਾਰ ਦਰਸ਼ਨ ਲਾਲ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਮਾਂਗੇ ਰਾਮ ਤਿਗੜਾ ਅਤੇ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦਾ ਨੇ ਕਿਹਾ ਕਿ ਹਰਿਆਣਾ ਵਿੱਚ ਬਿਨਾਂ ਸੁਰੱਖਿਆ ਉਪਕਰਨਾਂ ਤੋਂ ਸੀਵਰੇਜ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ ਪਰ ਇਨ੍ਹਾਂ ਕਾਮਿਆਂ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਜਾਂਚ-ਪੜਤਾਲ ਮਗਰੋਂ ਹੁਣ ਤੱਕ ਅਜਿਹੀਆਂ ਮੌਤਾਂ ਲਈ ਵਰਕਰਾਂ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਨੇ ਭਾਰਤ ਦੇ ਸਾਰੇ ਰਾਜਾਂ ਵਿਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਕਮਿਸ਼ਨ ਦਾ ਗਠਨ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਜਨਕ ਰਾਜ, ਰਾਜ ਕੁਮਾਰ ਸਸੋਲੀ, ਗੁਲਜ਼ਾਰ ਅਹਿਮਦ, ਰਮੇਸ਼, ਰਮਨ, ਜੀਤੋ, ਫਾਇਰ ਬ੍ਰਿਗੇਡ ਵਿਭਾਗ ਤੋਂ ਵਰਿੰਦਰ ਧੀਮਾਨ ਅਤੇ ਰਵਿੰਦਰ ਕੁਮਾਰ ਹਾਜ਼ਰ ਸਨ।