ਪ੍ਰਭੂ ਦਿਆਲ
ਸਿਰਸਾ, 6 ਮਈ
ਬਿਜਲੀ ਤੇ ਪਾਣੀ ਦੀ ਕਿੱਲਤ ਦੇ ਰੋਸ ਵਜੋਂ ਅੱਜ ਕਾਂਗਰਸੀਆਂ ਨੇ ਬਰਨਾਲਾ ਰੋਡ ਸਥਿਤ ਬਿਜਲੀ ਘਰ ਦੇ ਬਾਹਰ ਹਲਾ ਬੋਲ ਪ੍ਰਦਰਸ਼ਨ ਕਰ ਕੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦੀ ਅਗਵਾਈ ਕਾਲਾਂਵਾਲੀ ਤੋਂ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਸਾਬਕਾ ਮੰਤਰੀ ਜਗਦੀਸ਼ ਨਹਿਰਾ, ਸਾਬਕਾ ਲੋਕ ਸਭਾ ਮੈਂਬਰ ਚਰਨਜੀਤ ਰੋੜੀ ਨੇ ਸਾਂਝੇ ਤੌਰ ’ਤੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਿਆਣਾ ਸੂਬੇ ’ਚ ਬਿਜਲੀ ਦੀ ਨਾਕਸ ਸਪਲਾਈ ਕਾਰਨ ਆਮ ਲੋਕ ਦੁਖੀ ਹਨ। ਟਿਊਬਵੈੱਲਾਂ ਲਈ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਨਰਮੇ ਦੀ ਬੀਜਾਈ ਪੱਛੜ ਰਹੀ ਹੈ। ਅਨੇਕਾਂ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਕਿੱਲਤ ਹੈ ਤੇ ਨਹਿਰਾਂ ਵਿੱਚ ਪਾਣੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਤੇ ਹਰਿਆਣਾ ਸਰਕਾਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਦਾ ਦੋਸ਼ ਲਾਇਆ। ਇਸ ਮੌਕੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਸੁਰਿੰਦਰ ਨਹਿਰਾ, ਡਾ. ਸੁਭਾਸ਼ ਜੋਧਪੁਰੀਆ, ਨਵੀਨ ਕੇਡੀਆ, ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਪਾਲ ਸਿੰਘ ਕੰਬੋਜ ਆਦਿ ਨੇ ਸੰਬੋਧਨ ਕੀਤਾ।