ਪੱਤਰ ਪ੍ਰੇਰਕ
ਜੀਂਦ/ਨਰਵਾਣਾ, 10 ਮਈ
ਦਿਨੋਂ-ਦਿਨ ਵਧ ਰਹੀ ਮਹਿਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਨਰਵਾਣਾ ਵਿੱਚ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਧਰਨਾ ਦਿੱਤਾ। ਜਾਣਕਾਰੀ ਮੁਤਾਬਕ ਅੱਜ ਸਰਵ ਸਮਾਜ ਏਕਤਾ ਮੰਚ ਦੇ ਬੈਨਰ ਹੇਠ ਨਰਵਾਣਾ ਦੇ ਸਮਾਜਿਕ ਸੰਗਠਨਾਂ ਦੇ ਵਰਕਰ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ਼ ਨਰਵਾਣਾ ਰੇਲਵੇ ਸਟੇਸ਼ਨ ਉੱਤੇ ਇਕੱਤਰ ਹੋਏ ਅਤੇ ਪ੍ਰਦਰਸ਼ਨ ਕਰਦੇ ਹੋਏ ਮਿਨੀ ਸਕੱਤਰੇਤ ਪਹੁੰਚੇ। ਸਰਵ ਸਮਾਜ ਏਕਤਾ ਮੰਚ ਨਰਵਾਣਾ ਦੇ ਪ੍ਰਬੰਧਕ ਮਾਸਟਰ ਬਲਵੀਰ ਸਿੰਘ ਦੀ ਅਗਵਾਈ ਹੇਠ ਭਾਰਤ ਦੀ ਜਨਵਾਦੀ ਨੌਜਵਾਨ ਸਭਾ, ਅਖਿਲ ਭਾਰਤੀ ਕਿਸਾਨ ਸਭਾ, ਅੰਬੇਡਕਰ ਸਭਾ ਅਤੇ ਭੀਮ ਆਰਮੀ ਆਦਿ ਸੰਗਠਨ ਪ੍ਰਦਰਸ਼ਨ ਦਾ ਹਿੱਸਾ ਬਣੇ।
ਇਸ ਮੌਕੇ ਮਾਸਟਰ ਬਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਇਸ ਦੌਰਾਨ ਨੌਜਵਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਸ਼ਮੀਰਾ ਸਿੰਘ ਨੇ ਬੇਰੁਜ਼ਗਾਰੀ ਦੇ ਹਾਲਾਤ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਆਜ਼ਾਦੀ ਮਗਰੋਂ ਇਸ ਸਮੇਂ ਸਭ ਤੋਂ ਭਿਆਨਕ ਬੇਰੁਜ਼ਗਾਰੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਤੇ ਦੂਜੇ ਪਾਸੇ ਭਰਤੀਆਂ ਨਹੀਂ ਕੱਢੀ ਜਾ ਰਹੀਆਂ। ਇਸ ਮੌਕੇ ਸਤਵੀਰ ਸਿੰਘ, ਚਾਂਦ ਬਹਾਦੁਰ, ਨਰੇਸ਼ ਦਨੌਦਾ, ਅਮਿਤ, ਡਿੰਪਲ ਅਤੇ ਪੂਨਮ ਨੇ ਵੀ ਵਿਚਾਰ ਰੱਖੇ। ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਤਹਿਸੀਲਦਾਰ ਨੂੰ ਸੌਂਪਿਆ।