ਪ੍ਰਭੂ ਦਿਆਲ
ਸਿਰਸਾ, 5 ਅਗਸਤ
ਇਥੋਂ ਦੇ ਪਿੰਡ ਗਿੰਦੜਾਂ ਦੀ ਨਾਬਾਲਗ ਲੜਕੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਰਵ ਸਮਾਜ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਰਬਸਮਾਜ ਦੇ ਲੋਕਾਂ ਵੱਲੋਂ ਸਿਰਸਾ ਨੂੰ ਬੰਦ ਕੀਤਾ ਜਾਵੇਗਾ।
ਸਰਬ ਸਮਾਜ ਦੇ ਲੋਕ ਅੱਜ ਬਰਨਾਲਾ ਰੋਡ ਸਥਿਤ ਬਾਲ ਭਵਨ ਦੇ ਬਾਹਰ ਇਕੱਠੇ ਹੋਏ ਜਿਥੋਂ ਪ੍ਰਦਰਸ਼ਨ ਕਰਦੇ ਹੋਏ ਮਿਨੀ ਸਕੱਤਰੇਤ ਪੁੱਜੇ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਗਿੰਦੜਾਂ ਦੀ ਇਕ ਨਾਬਾਲਗ ਲੜਕੀ ਘਰੋਂ ਕਿਸੇ ਕੰਮ ਲਈ ਬਾਹਰ ਗਈ ਸੀ ਪਰ ਮੁੜ ਕੇ ਵਾਪਿਸ ਘਰ ਨਹੀਂ ਆਈ।
ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸਮੇਂ ਰਹਿੰਦੇ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਸੀ ਪਰ ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਲੜਕੀ ਦਾ ਕਿਸੇ ਨੇ ਕਤਲ ਕਰਕੇ ਦੇਹ ਖੇਤਾਂ ਵਿੱਚ ਸੁੱਟ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇ ਵੇਲੇ ਸਿਰ ਪੁਲੀਸ ਹਰਕਤ ਵਿੱਚ ਆਉਂਦੀ ਤਾਂ ਲੜਕੀ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਪੁਲੀਸ ਨੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕੀਤਾ ਤਾਂ ਸਰਵ ਸਮਾਜ ਵੱਲੋਂ ਸਿਰਸਾ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ। ਉਧਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੁਲੀਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।