ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਸਤੰਬਰ
ਭਾਰਤੀ ਕਿਸਾਨ ਯੂਨੀਅਨ ਚੜੂਨੀ ਬਲਾਕ ਸ਼ਾਹਬਾਦ ਦੀ ਬੈਠਕ ਸਥਾਨਕ ਕਿਸਾਨ ਅਰਾਮ ਘਰ ਵਿਚ ਹੋਈ। ਇਸ ਮੌਕੇ ਕਿਸਾਨਾਂ ਨੇ ਜੀਰੀ ਦੀ ਸਰਕਾਰੀ ਖਰੀਦ ਛੇਤੀ ਸ਼ੁਰੂ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਨੇ ਦੱਸਿਆ ਕਿ ਮੰਡੀ ਵਿਚ ਜੀਰੀ ਦੀ ਆਮਦ ਜ਼ੋਰਾਂ ’ਤੇ ਹੈ ਤੇ ਹੁਣ ਤਕ ਕਰੀਬ 13 ਹਜ਼ਾਰ ਕੁਇੰਟਲ ਤੋਂ ਜ਼ਿਆਦਾ ਜੀਰੀ ਮੰਡੀ ਵਿਚ ਆ ਚੁਕੀ ਹੈ। ਉਨ੍ਹਾਂ ਕਿਹਾ ਕਿ ਅਜੇਹੇ ਵਿਚ ਸਰਕਾਰ ਜੀਰੀ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰੇ। ਉਨਾਂ ਕਿਹਾ ਕਿ ਮੰਡੀ ਵਿਚ ਫਸਲ ਸੁਟਣ ਲਈ ਥਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਜੁਮਲਾ ਮਾਲਕਾਨ ਅੰਦੋਲਨ ਨੂੰ ਲੈ ਕੇ ਕਿਸਾਨ 28 ਸਤੰਬਰ ਨੂੰ ਅਰਧ ਨਗਨ ਹੋ ਕੇ ਕੁਰੂਕਸ਼ੇਤਰ ਵਿਚ ਪ੍ਰਦਰਸ਼ਨ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਹਰਕੇਸ਼ ਖਾਨਪੁਰ, ਜਸਬੀਰ ਸਿੰਘ ਮਾਮੂ ਮਾਜਰਾ, ਦੇਵੀ ਲਾਲ ਖਰੀਂਡਵਾ, ਉਪਕਾਰ ਸਿੰਘ ਨਲਵੀ ਮੌਜੂਦ ਸਨ।