ਪੱਤਰ ਪ੍ਰੇਰਕ
ਪਿਹੋਵਾ, 4 ਅਗਸਤ
ਖੇਡ ਮੰਤਰੀ ਸੰਦੀਪ ਸਿੰਘ ਨੂੰ ਮਿਲੀ ਧਮਕੀ ਤੋਂ ਬਾਅਦ ਮਾਹੌਲ ਭਖ ਗਿਆ ਹੈ| ਇਸ ਮਾਮਲੇ ਸਬੰਧੀ ਅੱਜ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਐੱਸਡੀਐੱਮ ਸੋਨੂੰ ਰਾਮ ਨੂੰ ਮੰਗ ਪੱਤਰ ਸੌਂਪ ਕੇ ਖੇਡ ਮੰਤਰੀ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ। ਮੰਗ ਪੱਤਰ ਦਿੰਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਰਾਕੇਸ਼ ਪੁਰੋਹਿਤ, ਰਜਿੰਦਰ ਬਾਖ਼ਲੀ, ਰਾਮ ਕਿਸ਼ਨ ਦੂਆ, ਸਤਪਾਲ ਗੜ੍ਹੀ ਰੋਡਾਂ, ਸਾਧੂ ਸਿੰਘ, ਬਲਜਿੰਦਰ ਅਰੁਣੇ, ਜਸਬੀਰ ਸੈਣੀ ਆਦਿ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਖੇਡ ਮੰਤਰੀ ਸੰਦੀਪ ਸਿੰਘ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਧਮਕੀਆਂ ਤੋਂ ਬਾਅਦ ਦੋ ਵਾਰ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਧਮਕੀਆਂ ਕਾਰਨ ਮੰਤਰੀ ਸੰਦੀਪ ਸਿੰਘ ਦੇ ਪਰਿਵਾਰ ਵਿੱਚ ਡਰ ਦਾ ਮਾਹੌਲ ਹੈ ਅਤੇ ਵਰਕਰ ਵੀ ਆਪਣੇ ਆਗੂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਸਮੂਹ ਵਰਕਰਾਂ ਦੀ ਮੰਗ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੂੰ ਜ਼ੈੱਡ ਸੁਰੱਖਿਆ ਦੇ ਕੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਦਾ ਦੋਸ਼ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਹਰਕੀਰਤ ‘ਤੇ ਲਗਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਲਗਾਤਾਰ ਦੂਜੀ ਵਾਰ ਹਰਕੀਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਨਿਰਮਲ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।