ਪੱਤਰ ਪ੍ਰੇਰਕ
ਯਮੁਨਾਨਗਰ, 17 ਜਨਵਰੀ
ਹਰਿਆਣਾ ਦੇ ਸਿੱਖਿਆ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕਰਨ ਗਏ ਪੀਟੀਆਈ ਅਧਿਆਪਕਾਂ ਖ਼ਿਲਾਫ਼ ਦਰਜ ਹੋਏ ਕੇਸਾਂ ਅਤੇ ਪੁਲੀਸ ਕਰਮਚਾਰੀਆਂ ਦੀ ਡਿਊਟੀ ਵਿੱਚ ਅਣਗਹਿਲੀ ਨੂੰ ਲੈ ਕੇ ਹੋਈ ਬਰਖਾਸਤਗੀ ਦੇ ਮੁੱਦੇ ਸਬੰਧੀ ਸਰਬ ਕਰਮਚਾਰੀ, ਸੀਟੂ ਅਤੇ ਅਖਿਲ ਭਾਰਤੀ ਕਿਸਾਨ ਸਭਾ ਨੇ ਅੱਜ ਜ਼ਿਲ੍ਹਾ ਪੁਲੀਸ ਸੁਪਰਡੈਂਟ ਨੂੰ ਮੰਗ ਪੱਤਰ ਦੇ ਕੇ ਕੇਸ ਰੱਦ ਕਰਨ ਦੀ ਮੰਗ ਕੀਤੀ। ਅਖਿਲ ਭਾਰਤੀ ਕਿਸਾਨ ਸਭਾ ਦੇ ਜਰਨੈਲ ਸਿੰਘ ਸਾਂਗਵਾਨ ਨੇ ਕਿਹਾ ਕਿ ਪੀਟੀਆਈ ਅਧਿਆਪਕ 11 ਜਨਵਰੀ ਨੂੰ ਸਵੇਰੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਗਏ ਸਨ ਪਰ ਉਨ੍ਹਾਂ ਦੀ ਗੱਲ ਸੁਣਨ ਦੀ ਜਗ੍ਹਾ 200 ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਤਾਂਤਰਿਕ ਵਿਵਸਥਾ ਵਿੱਚ ਤਾਨਾਸ਼ਾਹੀ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।