ਨਿਜੀ ਪੱਤਰ ਪ੍ਰੇਰਕ
ਅੰਬਾਲਾ, 24 ਅਗਸਤ
ਛੇ ਮਹੀਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਤੋਂ ਅੰਬਾਲਾ ਸ਼ਹਿਰ ਦੇ ਦੇਵੀ ਨਗਰ ’ਚ ਵਿਆਹੀ ਕਿਰਨ ਦੇਵੀ ਉਰਫ਼ ਪੂਜਾ (22) ਪਤਨੀ ਸੁਨੀਲ ਦੀ ਕੱਲ੍ਹ ਸ਼ਾਮ ਨੂੰ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਐੱਸਐੱਚਓ ਮਨੀਸ਼ ਕੁਮਾਰ ਮੌਕੇ ’ਤੇ ਪਹੁੰਚੇ ਤੇ ਲਾਸ਼ ਕਬਜ਼ੇ ਵਿੱਚ ਲੈ ਲਈ। ਦੇਵੀਗੜ੍ਹ ਤੋਂ ਪਹੁੰਚੇ ਮ੍ਰਿਤਕਾ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਿਰਨ ਦੀ ਸ਼ਾਦੀ 18 ਫਰਵਰੀ 2022 ਨੂੰ ਸੁਨੀਲ ਨਾਲ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਸ਼ਾਦੀ ਦੇ ਦੋ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਨੇ ਦਾਜ ਲਈ ਉਸ ਦੀ ਭੈਣ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਦੀ ਮਾਰ-ਕੁਟਾਈ ਵੀ ਕਰਦੇ ਸੀ। ਕੱਲ੍ਹ ਕਿਰਨ ਦੀ ਮੌਤ ਦੀ ਖ਼ਬਰ ਸਹੁਰਾ ਪਰਿਵਾਰ ਨੇ ਨਹੀਂ ਸਗੋਂ ਪਿੰਡ ’ਚੋਂ ਕਿਸੇ ਨੇ ਉਨ੍ਹਾਂ ਨੂੰ ਦਿੱਤੀ। ਮੌਕੇ ’ਤੇ ਪਹੁੰਚ ਕੇ ਜਦੋਂ ਉਨ੍ਹਾਂ ਨੇ ਕਿਰਨ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਸਹੁਰਾ ਪਰਿਵਾਰ ਨੇ ਦੱਸਿਆ ਕਿ ਕੱਪੜੇ ਪ੍ਰੈਸ ਕਰਨ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਜਿਸ ਨਾਲ ਕਿਰਨ ਦੀ ਮੌਤ ਹੋ ਗਈ ਜਦੋਂਕਿ ਮ੍ਰਿਤਕਾ ਦੇ ਗਲ਼ ਵਿੱਚ ਨਿਸ਼ਾਨ ਪਿਆ ਹੋਇਆ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਨੂੰ ਜਾਣ-ਬੁੱਝ ਕੇ ਗਲ਼ ਘੁੱਟ ਕੇ ਮਾਰਿਆ ਗਿਆ ਹੈ। ਥਾਣਾ ਸਦਰ ਦੇ ਐੱਸਐੱਚਓ ਮਨੀਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਮ੍ਰਿਤਕਾ ਦੀ ਲਾਸ਼ ਜ਼ਮੀਨ ’ਤੇ ਪਈ ਸੀ। ਪੋਸਟ ਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਵਿਆਹੁਤਾ ਦੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।