ਪੱਤਰ ਪ੍ਰੇਰਕ
ਪਿਹੋਵਾ, 15 ਫਰਵਰੀ
ਪਿੰਡ ਸਿਆਣਾ ਸੈਦਾ ਨੇੜੇ ਸੜਕ ’ਤੇ ਖੜ੍ਹੇ ਸਫੈਦੇ ਦਾ ਦਰੱਖਤ ਬਿਜਲੀ ਬੋਰਡ ਦੇ ਲਾਈਨਮੈਨ ’ਤੇ ਡਿੱਗਣ ਨਾਲ ਉਸ ਦੀ ਮੌਤ ਹੋ ਗਈ | ਗੁਆਂਢੀਆਂ ਨੇ ਉਸ ਨੂੰ ਦਰੱਖਤ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਾਸੀ ਨੰਦ ਕਲੋਨੀ ਵਜੋਂ ਹੋਈ ਹੈ ਜੋ ਕਿ ਬਿਜਲੀ ਵਿਭਾਗ ਵਿੱਚ ਡੇਲੀਵੇਜ ਦਾ ਮੁਲਾਜ਼ਮ ਸੀ। ਬਿਜਲੀ ਵਿਭਾਗ ਯੂਨੀਅਨ ਦੇ ਸਰਕਲ ਸਕੱਤਰ ਬਲਬੀਰ ਰੰਗਾ ਨੇ ਦੱਸਿਆ ਕਿ ਸੰਦੀਪ ਪਿੰਡ ਸਿਆਣਾ ਨੇੜੇ ਆਪਣੀ ਡਿਊਟੀ ’ਤੇ ਸੀ। ਇਸ ਦੌਰਾਨ ਉਹ ਕੰਮ ਨਿਪਟਾ ਕੇ ਮੋਟਰਸਾਈਕਲ ਸੜਕ ’ਤੇ ਖੜ੍ਹਾ ਕਰਕੇ ਉਸ ’ਤੇ ਬੈਠ ਗਿਆ। ਉਦੋਂ ਅਚਾਨਕ ਸਫੈਦੇ ਦਾ ਝੁਕਿਆ ਇਕ ਵੱਡਾ ਦਰੱਖਤ ਮੋਟਰਸਾਈਕਲ ’ਤੇ ਡਿੱਗ ਪਿਆ। ਹੇਠਾਂ ਦੱਬ ਕੇ ਉਸ ਦੀ ਮੌਤ ਹੋ ਗਈ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਇਹ ਦਰੱਖਤ ਕਾਫੀ ਸਮੇਂ ਕੰਡਮ ਹੋਇਆ ਪਿਆ ਸੀ ਪਰ ਸਬੰਧਤ ਵਿਭਾਗ ਨੇ ਇਸ ਨੂੰ ਹਟਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ। ਇੰਨਾ ਹੀ ਨਹੀਂ ਹੋਰਨਾਂ ਥਾਵਾਂ ’ਤੇ ਵੀ ਕਈ ਦਰੱਖਤ ਤਾਰਿਆਂ ਦੇ ਨਾਲ ਲੱਗਦੇ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਮ੍ਰਿਤਕ ਨੂੰ ਇਨਸਾਫ਼ ਦਿੱਤਾ ਜਾਵੇ।