ਕੇ.ਕੇ. ਬਾਂਸਲ
ਰਤੀਆ, 23 ਜੂਨ
ਸਥਾਨਕ ਖੇਤਰ ਦੇ ਪਿੰਡ ਨੰਗਲ ਅਤੇ ਬਲਿਆਲਾ ਦੇ ਵਿਚਕਾਰ ਭਾਖੜਾ ਮੁੱਖ ਬ੍ਰਾਂਚ ਦੇ ਕਿਨਾਰੇ ਤੋਂ ਇੱਟਾਂ ਅਤੇ ਮਿੱਟੀ ਖਿਸਕਣ ਨਾਲ ਖੱਡਾ ਪੈ ਰਿਹਾ ਹੈ। ਇਸ ਕੰਢੇ ਨਾਲ ਲਗਦੇ ਖੇਤਾਂ ਵਾਲੇ ਕਿਸਾਨਾਂ ਦੀ ਇਸ ਕਾਰਨ ਰਾਤਾਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਰਾਤ ਬਰਾਤ ਇਹ ਕੰਢਾ ਖਿਸਕ ਕੇ ਪਾਣੀ ਉਨ੍ਹਾਂ ਦੇ ਖੇਤਾਂ ਤੇ ਘਰਾਂ ਤੱਕ ਮਾਰ ਨਾ ਕਰੇ। ਇਸ ਨਾਲ ਇਸ ਪੁਲ ਦੇ ਖਿਸਕਣ ਦਾ ਖਤਰਾ ਪੈਦਾ ਹੋ ਰਿਹਾ ਹੈ। ਇਸ ਖੇਤਰ ਦੇ ਲੋਕਾਂ ਨੇ ਸਿੰਜਾਈ ਵਿਭਾਗ ਤੋ ਮੰਗ ਕੀਤੀ ਹੈ ਕਿ ਇਸ ਖੱਡੇ ਨੂੰ ਜਲਦ ਪੂਰਿਆ ਜਾਵੇ। ਇਸ ਖੇਤਰ ਦੇ ਵਸਨੀਕ ਰਾਜਵਿੰਦਰ ਸਿੰਘ, ਬਲਦੇਵ ਸਿੰਘ, ਮੋਹਨ ਲਾਲ, ਦਾਨਾ ਸਿੰਘ, ਕੁਸ਼ਾਲ ਨੇ ਦੱਸਿਆ ਕਿ ਭਾਖੜਾ ਨਹਿਰ ਦੇ ਠੀਕ ਪੁਲ ਦੇ ਨਾਲ ਕਿਨਾਰੇ ਖੁਰਨ ਕਾਰਨ ਮਿੱਟੀ ਅਤੇ ਇੱਟਾਂ ਖਿਸਕ ਕੇ ਖੱਡਾ ਪੈ ਗਿਆ ਹੈ। ਇਸ ਕਾਰਨ ਭਾਖੜਾ ਨਹਿਰ ਦੇ ਪੁੱਲ ਟੁੱਟ ਕੇ ਪਾਣੀ ਦਾ ਵਹਾਅ ਇਸ ਖੇਤਰ ਵਿੱਚ ਵੱਡੀ ਤਬਾਹੀ ਲਿਆ ਸਕਦਾ ਹੈ। ਉਨ੍ਹਾਂ ਸਿੰਜਾਈ ਵਿਭਾਗ ਕੋਲੋਂ ਮੰਗ ਕੀਤੀ ਕਿ ਇਸ ਸਮੱਸਿਆਂ ਦਾ ਜਲਦ ਹੱਲ ਕਰਕੇ ਇਸ ਖੇਤਰ ਨੂੰ ਵੱਡੀ ਮੁਸ਼ਕਿਲ ਤੋ ਨਿਜਾਤ ਦਿਵਾਈ ਜਾਵੇ। ਨਹਿਰੀ ਵਿਭਾਗ ਦੇ ਐੱਸਡੀਓ ਸੰਦੀਪ ਕੁਮਾਰ ਨੇ ਕਿਹਾ ਕਿ ਅਜੇ ਨਹਿਰ ਵਿਚ ਪਾਣੀ ਚੱਲ ਰਿਹਾ ਹੈ, ਜਦੋਂ ਪਾਣੀ ਦੀ ਬੰਦੀ ਹੋਵੇਗੀ ਤਾਂ ਮੁਰੰਮਤ ਕਰਵਾ ਦਿੱਤੀ ਜਾਵੇਗੀ।