ਪੱਤਰ ਪ੍ਰੇਰਕ
ਏਲਨਾਬਾਦ, 2 ਅਗਸਤ
ਪਿਛਲੇ ਚਾਰ ਦਿਨ ਤੋਂ ਪੈ ਰਹੇ ਮੀਂਹ ਕਾਰਨ ਏਲਨਾਬਾਦ ਦੇ ਚੌਪਟਾ ਖੇਤਰ ਦੇ ਪਿੰਡਾਂ ਨਾਥੂਸਰੀ ਕਲਾਂ, ਸ਼ਾਹਪੁਰੀਆ, ਸੰਕਰ ਮੰਦੋਰੀ, ਨਹਿਰਾਨਾ, ਤਰਕਾਂਵਾਲੀ, ਮਾਖੋਸਰਾਨੀ, ਕੈਂਰਾਵਾਲੀ, ਲੁਦੇਸਰ ਅਤੇ ਰੁਪਾਣਾ ਆਦਿ ਵਿੱਚ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤੀਬਾੜੀ ਅਧਿਕਾਰੀ ਸ਼ਲੇਂਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਚੌਪਟਾ ਖੇਤਰ ਵਿੱਚ 62,500 ਹੈਕਟੇਅਰ ਵਿੱਚ ਨਰਮਾ, ਕਪਾਹ, ਗੁਆਰਾ, ਬਾਜਰਾ, ਮੂੰਗਫ਼ਲੀ, ਮੱਕੀ ਅਤੇ ਝੋਨੇ ਦੀ ਬਿਜਾਈ ਕੀਤੀ ਗਈ ਸੀ। ਇਸ ਵਿੱਚੋਂ ਜ਼ਿਆਦਾਤਰ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਕਿਸਾਨਾਂ ਸਤਵੀਰ ਸਿੰਘ, ਬੰਸੀ ਲਾਲ, ਤਾਰਾ ਚੰਦ, ਅਨਿਲ ਕੁਮਾਰ, ਸ਼ੁਰੇਸ ਕੁਮਾਰ, ਬਲਰਾਮ, ਹਨੂਮਾਨ ਸਿੰਘ, ਮਹਿੰਦਰ ਸਿੰਘ, ਵਿਕਰਮ ਸਿੰਘ ਆਦਿ ਨੇ ਦੱਸਿਆ ਕਿ ਇਸ ਖੇਤਰ ਦੇ ਪਿੰਡਾਂ ਵਿੱਚ ਭਾਰੀ ਮੀਂਹ ਪੈਣ ਅਤੇ ਪਿਛਲੇ ਦਿਨੀਂ ਨਾਥੂਸਰੀ ਚੌਪਟਾ ਕੋਲ ਸੇਮ ਨਾਲਾ ਟੁੱਟਣ ਕਾਰਨ ਹਜ਼ਾਰਾਂ ਏਕੜ ਫ਼ਸਲ ਵਿੱਚ ਪਾਣੀ ਭਰ ਚੁੱਕਾ ਹੈ। ਇਸ ਨਾਲ ਨਰਮੇ-ਕਪਾਹ ਦੀ ਫ਼ਸਲ ਲਗਭਗ ਖ਼ਤਮ ਹੋਣ ਕਿਨਾਰੇ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਫ਼ਸਲ ਤੇ ਸਾਰਾ ਖਰਚ ਤਾਂ ਕਰ ਚੁੱਕੇ ਹਨ ਪਰ ਹੁਣ ਜਦੋ ਫ਼ਲ ਦਾ ਵੇਲਾ ਸੀ ਤਾਂ ਮੀਂਹ ਨੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।