ਪੱਤਰ ਪ੍ਰੇਰਕ
ਫਰੀਦਾਬਾਦ, 25 ਜੁਲਾਈ
ਕਰਾਈਮ ਬਰਾਂਚ 65 ਦੀ ਟੀਮ ਨੇ ਇੱਕ ਵਿਅਕਤੀ ਨੂੰ ਆਟੋ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿੱਕੀ ਉਰਫ ਦੂਨਾ ਵਾਸੀ ਬੱਲਭਗੜ੍ਹ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਦੋ ਸੀਐੱਨਜੀ ਆਟੋ ਚੋਰੀ ਕੀਤੇ ਸਨ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨਸ਼ਿਆਂ ਦਾ ਆਦੀ ਹੈ ਤੇ ਨਸ਼ਿਆਂ ਦੀ ਪੂਰਤੀ ਲਈ ਹੀ ਚੋਰੀ ਦੀਆਂ ਵਾਰਦਾਤਾਂ ਕਰਦਾ ਸੀ। ਮੁਲਜ਼ਮ ਚੋਰੀ ਹੋਏ ਆਟੋ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਉਸ ਤੋਂ ਪਹਿਲਾਂ ਹੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਕ ਹੋਰ ਮਾਮਲੇ ਵਿੱਚ ਕਰਾਈਮ ਬਰਾਂਚ ਸੈਂਟਰਲ ਦੀ ਟੀਮ ਨੇ ਚੋਰੀ ਦੇ ਦੋਸ਼ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜੈ ਸਿੰਘ ਵਾਸੀ ਪਿੰਡ ਸਰੂਰਪੁਰ, ਫਰੀਦਾਬਾਦ ਹੈ। ਮੁਲਜ਼ਮ ਖ਼ਿਲਾਫ਼ ਫਰੀਦਾਬਾਦ ਵਿੱਚ ਚੋਰੀ ਦੀਆਂ ਧਾਰਾਵਾਂ ਤਹਿਤ ਦੋ ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਥਾਣਾ ਸਦਰ ਬੱਲਬਗੜ੍ਹ ’ਚੋਂ ਇੱਕ ਟੈਂਪੂ ਮਹਿੰਦਰਾ ਸੁਪਰੀਮੋ ਤੇ ਥਾਣਾ ਸਦਰ ਬੱਲਬਗੜ ਖੇਤਰ ਤੋਂ ਸਾਮਾਨ ਚੋਰੀ ਕੀਤਾ ਸੀ। ਮੁਲਜ਼ਮ ਦੇ ਕਬਜ਼ੇ ’ਚੋਂ ਚੋਰੀ ਕੀਤਾ ਟੈਂਪੂ ਤੇ 16,000 ਨਕਦੀ ਬਰਾਮਦ ਕੀਤੀ ਹੈ। ਮੁਲਜ਼ਮ ਨਸ਼ੇ ਕਾਰਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਸੋਲਰ ਪੈਨਲ ਚੋਰੀ ਦੇ ਮਾਮਲੇ ਵਿੱਚ ਚਾਰ ਕਾਬੂ
ਸੋਲਰ ਪੈਨਲ ਚੋਰੀ ’ਚ ਸ਼ਾਮਲ ਮੁਲਜ਼ਮ ਵਿਵੇਕ, ਨੀਰਜ, ਜਸਵੰਤ ਅਤੇ ਨਵੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਰੋਂ ਮੁਲਜ਼ਮ ਫਰੀਦਾਬਾਦ ਦੇ ਪਿੰਡ ਛਿਆਣਸਾ ਦੇ ਵਸਨੀਕ ਹਨ। ਇਨ੍ਹਾਂ ਖ਼ਿਲਾਫ਼ ਛਿਆਣਸਾ ਵਿੱਚ ਲੁੱਟਾਂ-ਖੋਹਾਂ ਦੀਆਂ ਧਾਰਾਵਾਂ ਤਹਿਤ ਦੋ ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਾਈਵੇਅ ’ਤੇ ਲੱਗੇ ਸੋਲਰ ਪੈਨਲ ਚੋਰੀ ਕੀਤੇ ਹਨ ਤੇ ਇਕ ਟਰੱਕ ਡਰਾਈਵਰਾਂ ਤੋਂ ਮੋਬਾਈਲ ਤੇ ਪੈਸੇ ਦੀ ਲੁੱਟ ਕੀਤੀ ਹੈ। ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ ਤੇ 5400 ਰੁਪਏ ਬਰਾਮਦ ਹੋਏ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਸੋਲਰ ਪੈਨਲਾਂ ਨੂੰ ਰਾਹਗੀਰਾਂ ਨੂੰ ਵੇਚ ਦਿੱਤਾ, ਜਿਸ ਵਿਚੋਂ ਉਨ੍ਹਾਂ ਨੇ ਕੁਝ ਪੈਸੇ ਨਸ਼ਿਆਂ ਵਿਚ ਖਰਚ ਕੀਤੇ ਤੇ ਬਾਕੀ ਦੀ ਰਕਮ ਪੁਲੀਸ ਨੇ ਬਰਾਮਦ ਕਰ ਲਈ।