ਪੱਤਰ ਪ੍ਰੇਰਕ
ਡੱਬਵਾਲੀ, 19 ਜੂਨ
ਸ਼ਹਿਰ ਦੇ 21 ਵਾਰਡਾਂ ’ਚ ਦਿਨ ਭਰ ਹਲਕੀ ਤਲਖ਼ਕਲਾਮੀ ਅਤੇ ਵੋਟਾਂ ਦੀ ਕਥਿਤ ਖ਼ਰੀਦੋ-ਫਰੋਖ਼ਤ ਵਿਚਕਾਰ ਨਗਰ ਕੌਂਸਲ ਚੋਣਾਂ ਦੇ ਅਖੀਰਲੇ ਡੇਢ ਘੰਟੇ ’ਚ ਵਾਰਡ ਨੰਬਰ ਪੰਜ ’ਚ ਚੋਣ ਬੂਥ ਦੇ ਬਾਹਰ ਭਾਜਪਾ ਤੇ ਜਜਪਾ ਦੇ ਕਾਰਕੁਨ ਝਗੜ ਪਏ। ਇਸ ਕਾਰਨ ਜਜਪਾ ਉਮੀਦਵਾਰ ਦੇ ਦੋ ਪੁੱਤਰ ਅਤੇ ਭਾਜਪਾ ਪੱਖੀ ਉਮੀਦਵਾਰ ਸਣੇ ਪੰਜ ਜਣੇ ਜ਼ਖ਼ਮੀ ਹੋ ਗਏ। ਝਗੜਾ ਇੱਕ ਅੰਗਹੀਣ ਔਰਤ ਵੋਟਰ ਨੂੰ ਚੋਣ ਬੂਥ ਤਕ ਲਿਜਾਣ ਦੌਰਾਨ ਹੋਇਆ।
ਭਾਜਪਾ ਉਮੀਦਵਾਰ ਕਿਸ਼ੋਰੀ ਲਾਲ ਡਾਬਲਾ ਨੇ ਕਿਹਾ ਕਿ ਔਰਤ ਦੀ ਮਦਦ ਲਈ ਚੋਣ ਬੂਥ ’ਚ ਜਾਣ ਸਮੇਂ ਉਸ ’ਤੇ ਜਜਪਾ ਉਮੀਦਵਾਰ ਅਮਰਨਾਥ ਦੇ ਲੜਕੇ ਅਤੇ ਹੋਰਨਾਂ ਨੇ ਹਮਲਾ ਕਰ ਦਿੱਤਾ। ਬਾਅਦ ’ਚ ਦੋਵੇਂ ਧਿਰਾਂ ’ਚ ਖੁੱਲ੍ਹ ਕੇ ਕੁਰਸੀਆਂ ਚੱਲੀਆਂ। ਜਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਮਸੀਤਾਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਕਿਸ਼ੋਰੀ ਲਾਲ ਅਤੇ ਉਸ ਦੇ ਸਮਰਥਕਾਂ ਸੁਰੇਸ਼ ਬਿਸ਼ਨੋਈ ਨੇ ਜਜਪਾ ਉਮੀਦਵਾਰ ਦੇ ਦੋ ਲੜਕਿਆਂ ਅਤੇ ਇੱਕ ਸਮਰਥਕ ਨੂੰ ਜਖ਼ਮੀ ਕਰ ਦਿੱਤਾ। ਸ੍ਰੀ ਮਸੀਤਾਂ ਨੇ ਵੀ ਇਨੈਲੋ ਅਤੇ ਕਾਂਗਰਸ ’ਤੇ ਵੋਟਾਂ ਖ਼ਰੀਦੋ-ਫਰੋਖ਼ਤ ਦੇ ਦੋਸ਼ ਲਗਾਏ। ਅੱਜ ਸ਼ਹਿਰ ’ਚ ਪੰਜ ਵਾਰਡ ਦੀ ਘਟਨਾ ਤੋਂ ਇਲਾਵਾ ਚੋਣ ਮਾਹੌਲ ਲਗਪਗ ਸ਼ਾਂਤਮਈ ਰਿਹਾ। ਸ਼ਹਿਰ ਭਰ ’ਚ ਵੋਟਾਂ ਦੀ ਖ਼ਰੀਦੋ-ਫਰੋਖ਼ਤ ਦੀਆਂ ਰਿਪੋਰਟਾਂ ਹਨ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋਈ।
ਇਨੈਲੋ ਦੀ ਮਹਿਲਾ ਆਗੂ ਸੁਨੈਣਾ ਚੌਟਾਲਾ ਨੇ ਭਾਜਪਾ ਗੱਠਜੋੜ ’ਤੇ ਵੋਟਾਂ ਦੀ ਖ਼ਰੀਦੋ-ਫਰੋਖ਼ਤ ਦੇ ਦੋਸ਼ ਲਗਾਏ ਹਨ। ਵਿਨੋਦ ਬਾਂਸਲ ਨੇ ਵੀ ਅਜਿਹੇ ਦੋਸ਼ ਲਾਏ ਹਨ।
ਡੀਐੱਸਪੀ ਕੁਲਦੀਪ ਬੈਣੀਵਾਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨਿਰਪੱਖ ਰਹੀ ਹੈ। ਝਗੜੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਰਾਣੀਆਂ ’ਚ 81.8 ਫ਼ੀਸਦੀ ਵੋਟਾਂ ਪਈਆਂ
ਏਲਨਾਬਾਦ (ਜਗਤਾਰ ਸਮਾਲਸਰ): ਇੱਥੇ ਚੋਣਾਂ ਸ਼ਾਤੀਪੂਰਨ ਢੰਗ ਨਾਲ ਸਮਾਪਤ ਹੋ ਗਈਆਂ। ਕਰੀਬ 8 ਵਜੇ ਤਕ ਬਹੁਤੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਸਨ। ਵੋਟਾਂ ਲਈ ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਦੀ ਗਿਣਤੀ ਵੀ ਕਾਫ਼ੀ ਚੰਗੀ ਰਹੀ। ਡੀਐੱਸਪੀ ਵਰਿੰਦਰ ਕੁਮਾਰ ਅਤੇ ਥਾਣਾ ਮੁਖੀ ਸੁਧੀਰ ਕੁਮਾਰ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਸ਼ਾਮ 6 ਵਜੇ ਤੱਕ ਕਸਬਾ ਰਾਣੀਆਂ ਵਿੱਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਜਿੱਥੇ ਕੁੱਲ 81.8 ਫ਼ੀਸਦੀ ਵੋਟਾਂ ਪਈਆ। ਏਲਨਾਬਾਦ ਵਿੱਚ 73.1 ਫ਼ੀਸਦੀ ਵੋਟਿੰਗ ਹੋਈ। ਸ਼ਹਿਰ ਦੇ ਵਾਰਡ ਨੰਬਰ 9, 12 ਅਤੇ 14 ਵਿੱਚ ਪਹਿਲਾਂ ਹੀ ਸਰਬਸੰਮਤੀ ਨਾਲ ਨਗਰ ਕੌਂਸਲਰ ਚੁਣੇ ਜਾ ਚੁੱਕੇ ਹਨ। ਵੋਟਾਂ ਦੀ ਗਿਣਤੀ 22 ਜੂਨ ਨੂੰ ਹੋਵੇਗੀ।