ਪੱਤਰ ਪ੍ਰੇਰਕ
ਯਮੁਨਾਨਗਰ, 7 ਜਨਵਰੀ
ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 65 ਕਰੋਨਾ ਪਾਜ਼ੇਟਿਵ ਕੇਸ ਆਏ ਹਨ ਅਤੇ 10 ਮਰੀਜ਼ ਸਿਹਤਯਾਬ ਹੋ ਗਏ ਹਨ। ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ 177 ਐਕਟਿਵ ਕੇਸ ਹਨ, ਜੋ ਕਿ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹੈਲਪਲਾਈਨਾਂ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਕੇਸਾਂ ਵਿੱਚ ਇਕਦਮ ਵਾਧਾ ਹੋਣ ਦੀ ਖ਼ਬਰ ਨਾਲ ਸਿਹਤ ਵਿਭਾਗ ਵਿੱਚ ਚਿੰਤਾਵਾਂ ਵਧ ਗਈਆਂ ਹਨ। ਜ਼ਿਲ੍ਹੇ ਵਿੱਚ 21 ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲਣ ਦੀ ਪੁਸ਼ਟੀ ਹੋਈ ਹੈ। ਪਿਛਲੇ ਦਿਨਾਂ ਵਿੱਚ ਰੋਜ਼ਾਨਾ 6 ਤੋਂ 8 ਕੇਸ ਆ ਰਹੇ ਸਨ। ਤਾਜ਼ੀ ਰਿਪੋਰਟ ਮੁਤਾਬਕ ਫਤਿਹਾਬਾਦ ਵਿੱਚ 6, ਟੋਹਾਣਾ ਵਿੱਚ 4, ਭੱਠੂ ਵਿੱਚ ਇਕ, ਬਲੋਪਲ ਵਿੱਚ ਇਕ, ਭੁਨਾ ਵਿੱਚ ਤਿੰਨ, ਜਾਖਲ ਵਿੱਚ 6 ਕਰੋਨਾ ਪਾਜ਼ਾਟਿਵ ਕੇਸ ਮਿਲੇ ਹਨ। ਦੋ ਮਰੀਜ਼ਾਂ ਦੇ ਤੰਦਰੁਸਤ ਹੋਣ ’ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ।