ਪੱਤਰ ਪ੍ਰੇਰਕ
ਕਾਲਾਂਵਾਲੀ, 9 ਜੂਨ
ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡ ਜੋਗੇਵਾਲਾ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਥਾਣਾ ਤਲਵੰਡੀ ਸਾਬੋ ’ਚ ਆਪਣੇ ਪਿੰਡ ਦੇ ਕੁੱਝ ਵਿਅਕਤੀਆਂ ’ਤੇ ਉਸ ਦੇ ਖੇਤ ਵਿੱਚੋਂ ਜ਼ਬਰਦਸਤੀ ਪਾਈਪ ਲਾਈਨ ਪਾਏ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿੰਡ ਦੇ ਜਗਦੇਵ ਸਿੰਘ, ਸੁਖਜਿੰਦਰ ਸਿੰਘ, ਗੁਰਮੇਲ ਸਿੰਘ, ਚਾਨਣ ਸਿੰਘ, ਜਗਰੂਪ ਸਿੰਘ, ਲਖਬੀਰ ਸਿੰਘ, ਗੁਰਤੇਜ ਸਿੰਘ ਆਦਿ ਨੇ ਉਸ ਦੀ ਜ਼ਮੀਨ ਵਿਚ ਧੱਕੇ ਨਾਲ ਪਾਈਪ ਲਾਈਨ ਪਾਈ ਹੋਈ ਹੈ। ਉਹ ਆਪਣੀ ਜ਼ਮੀਨ ਵਿੱਚ ਪਾਣੀ ਇਕੱਠਾ ਕਰਨ ਲਈ ਤਲਾਬ ਬਣਾਉਣਾ ਚਾਹੁੰਦਾ ਹੈ। ਪਾਈਪ ਲਾਈਨ ਕਾਰਨ ਤਲਾਬ ਬਣਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਉਸ ਨੇ ਉਨ੍ਹਾਂ ਵਿਅਕਤੀਆਂ ਨੂੰ ਪਾਈਪ ਲਾਈਨ ਰੋਕਣ ਲਈ ਕਿਹਾ ਪਰ ਉਨ੍ਹਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ। ਪਾਈਪ ਲਾਈਨ ਕਾਰਨ ਉਸ ਦੀ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ ਅਤੇ ਜ਼ਮੀਨ ਵਿੱਚ ਤਲਾਬ ਨਾ ਬਣਨ ਕਾਰਨ ਉਸ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਕਿਸਾਨ ਯੂਨੀਅਨ ਦਾ ਸਹਾਰਾ ਲੈ ਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕੁਲਵਿੰਦਰ ਸਿੰਘ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਦੂਜੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਭਾਈਚਾਰੇ ਦੇ ਤੌਰ ’ਤੇ ਪਾਈਪ ਲਾਈਨ ਪਾਈ ਜਾ ਰਹੀ ਹੈ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ।