ਪੱਤਰ ਪ੍ਰੇਰਕ
ਰਤੀਆ, 4 ਦਸੰਬਰ
ਸ਼ਹਿਰ ਅੰਦਰ ਵੱਧ ਰਹੇ ਅਪਰਾਧ ਦੇ ਵਿਰੋਧ ‘ਚ ਪੰਜਾਬ ਸਭਾ ਦੇ ਪ੍ਰਧਾਨ ਨਵਨੀਤ ਮਹਿਤਾ ਦੀ ਅਗਵਾਈ ‘ਚ ਸ਼ਹਿਰ ਵਾਸੀਆਂ ਨੇ ਸ੍ਰੀ ਰਾਮ ਪਾਰਕ ਵਿੱਚ ਇਕੱਠ ਕੀਤਾ। ਇਕੱਠ ਨੇ ਸ਼ਹਿਰ ਅੰਦਰ ਅਪਰਾਧ ਅਤੇ ਪੁਲੀਸ ਦੀ ਨਾਕਾਮੀ ’ਤੇ ਨਾਅਰੇਬਾਜ਼ੀ ਕੀਤੀ। ਸ਼ਹਿਰ ਵਾਸੀਆਂ ਨੇ ਚੱਕਾ ਜਾਮ ਕਰਨ ਦੀ ਗੱਲ ਕੀਤੀ ਪਰ ਬੁੱਧੀਜੀਵੀਆਂ ਵੱਲੋਂ ਸਮਝਾਉਣ ’ਤੇ ਅਜਿਹਾ ਨਾ ਹੋ ਸਕਿਆ।
ਉਨ੍ਹਾਂ ਰਤੀਆ ਪੁਲੀਸ ਨੂੰ ਗੁੰਡਾਗਰਦੀ ‘ਚ ਸ਼ਾਮਲ ਹਮਲਾਵਰਾਂ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕਰਨ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਰਤੀਆ ਸ਼ਹਿਰ ਬੰਦ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਥਾਣਾ ਸਿਟੀ ਦੇ ਕਾਰਜਕਾਰੀ ਮੁਖੀ ਗੁਰਪਾਲ ਸਿੰਘ ਨੇ ਵਿਸਵਾਸ਼ ਦਿੱਤਾ ਕਿ ਹਮਲਾ ਪੀੜਤਾਂ ਦੇ ਬਿਆਨਾਂ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਨ ਲਈ 3 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਰਾਮ ਪਾਰਕ ਅਤੇ ਮਦਰ ਇੰਡੀਆ ਸਕੂਲ ਕੋਲ ਮੋਟਰਸਾਈਕਲ ਸਵਾਰਾਂ ਨੇ ਕਈ ਲੋਕਾਂ ਦੀ ਮਾਰਕੁੱਟ ਕੀਤੀ ਜਦੋ ਉਨ੍ਹਾਂ ਨੂੰ ਛੁਡਾਉਣ ਲਈ ਸ਼ਹਿਰ ਵਾਸੀ ਗਏ ਤਾਂ ਉਨ੍ਹਾਂ ਦੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਮਾਮਲੇ ‘ਚ ਇਕ ਸਾਲ ਤੋਂ ਪੁਲਸ ਦੀ ਕਾਰਵਾਈ ਸੁਸਤ ਚੱਲ ਰਹੀ ਸੀ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਮਜ਼ਬੂਰਨ ਇਹ ਕਦਮ ਚੁੱਕਣਾ ਪਿਆ। ਇਸ ਮੌਕੇ ਅਮਰਜੀਤ ਮਹਿਤਾ, ਸਤਪਾਲ ਜਿੰਦਲ, ਰਾਜ ਕੁਮਾਰ ਮਿੱਤਲ, ਸ਼ਿਵ ਸੋਨੀ, ਮਹੇਸ਼ ਤਨੇਜਾ, ਬਲਦੇਵ ਗਿੱਲ, ਹਰਜੀਵਨ ਸਿੰਘ, ਸ਼ੇਰ ਹਾਜ਼ਰ ਸਨ।