ਪੱਤਰ ਪ੍ਰੇਰਕ
ਫਰੀਦਾਬਾਦ, 16 ਦਸੰਬਰ
ਇਥੇ ਨਿਯਮ 134-ਏ ਦੇ ਤਹਿਤ ਹਰਿਆਣਾ ਦੇ ਸਿੱਖਿਆ ਵਿਭਾਗ ਨੇ 15 ਦਸੰਬਰ ਨੂੰ ਰਾਤ 9 ਵਜੇ ਰਾਜ ਦੇ ਪ੍ਰਾਈਵੇਟ ਸਕੂਲਾਂ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਦਾਖ਼ਲੇ ਲਈ ਸਕੂਲ ਅਲਾਟਮੈਂਟ ਦੀ ਸੂਚੀ ਜਾਰੀ ਕੀਤੀ। ਸਵੇਰ ਤੋਂ ਹੀ ਆਮ ਲੋਕ ਇਸ ਸੂਚੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ। ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਨੇ ਰਾਤ 9 ਵਜੇ ਤੋਂ ਬਾਅਦ 3398 ਪੰਨਿਆਂ ਦੀ ਸੂਚੀ ਜਾਰੀ ਕਰ ਕੇ ਕਰੀਬ 40 ਹਜ਼ਾਰ ਬੱਚਿਆਂ ਨੂੰ ਸਕੂਲ ਅਲਾਟ ਕਰ ਦਿੱਤਾ। ਸੂਚੀ ਜਾਰੀ ਹੋਣ ਤੋਂ ਬਾਅਦ ਅੱਜ ਸਵੇਰ ਤੋਂ ਹੀ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਦਾਖ਼ਲੇ ਲਈ ਅਲਾਟ ਕੀਤੇ ਸਕੂਲਾਂ ਵਿੱਚ ਚਲੇ ਗਏ ਪਰ ਜਦੋਂ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ, ਤਾਂ ਜਦੋਂ ਉਨ੍ਹਾਂ ਨੂੰ ਸਕੂਲਾਂ ਤੋਂ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ ਕਿਉਂਕਿ ਪ੍ਰਾਈਵੇਟ ਸਕੂਲਾਂ ਨੇ ਦਾਖ਼ਲੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਕੂਲਾਂ ਦਾ ਕਹਿਣਾ ਸੀ ਕਿ ਸਾਲਾਨਾ ਚਾਰਜਿਜ਼ ਤੇ ਵਿਕਾਸ ਦੇ ਖਰਚੇ ਦੇਣੇ ਪੈਣਗੇ, ਕੁਝ ਸਕੂਲਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਇਨ੍ਹਾਂ ਬੱਚਿਆਂ ਨੂੰ ਦਾਖ਼ਲਾ ਦੇਣ ਤੋਂ ਨਾਂਹ ਕਰ ਦਿੱਤੀ। ਕੈਲਾਸ਼ ਚੰਦ ਐਡਵੋਕੇਟ ਨੇ ਦੱਸਿਆ ਕਿ ਸੂਬੇ ਦੇ 7382 ਪ੍ਰਾਈਵੇਟ ਸਕੂਲਾਂ ਵਿੱਚ 66495 ਬੱਚਿਆਂ ਦੇ ਦਾਖ਼ਲੇ ਲਈ ਅਰਜ਼ੀਆਂ ਆਈਆਂ ਸਨ ਜਿਨ੍ਹਾਂ ਨੂੰ ਸਕੂਲਾਂ ਦੀ ਅਲਾਟਮੈਂਟ ਲਈ 15 ਦਸੰਬਰ ਤੈਅ ਕੀਤੀ ਗਈ ਸੀ, ਜਿਸ ਦੀ ਸੂਚੀ ਰਾਤ 9 ਵਜੇ ਜਾਰੀ ਕਰ ਦਿੱਤੀ ਗਈ ਸੀ। ਪਰ ਕੁਝ ਬੱਚੇ ਜਿਨ੍ਹਾਂ ਨੇ ਸੀ. 55% ਤੋਂ ਘੱਟ ਬੱਚਿਆਂ ਨੂੰ ਪਹਿਲਾਂ ਹੀ ਸੂਚੀ ’ਚੋਂ ਬਾਹਰ ਰੱਖਿਆ ਗਿਆ ਸੀ ਕੁਝ ਬੱਚਿਆਂ ਦੇ ਨਿਯਮ 134 ’ਤੇ ਮੈਰਿਟ ’ਚ ਨਾ ਆਉਣ ਕਾਰਨ ਕਈ ਬੱਚਿਆਂ ਦੇ ਨਾਂਅ ਸੂਚੀ ’ਚ ਨਹੀਂ ਆਏ ਜਦ ਕਿ ਸੂਬੇ ਭਰ ਦੇ ਪ੍ਰਾਈਵੇਟ ਸਕੂਲਾਂ ’ਚ ਨਿਯਮ 134-ਏ ਲਈ 2 ਲੱਖ ਤੋਂ ਵੱਧ ਸੀਟਾਂ ਖਾਲੀ ਪਈਆਂ ਸਨ ਪਰ ਸਿੱਖਿਆ ਵਿਭਾਗ ਦੀ ਦੇਰੀ ਨਾਲ ਬੱਚਿਆਂ ਤੇ ਗਰੀਬ ਮਾਪੇ ਪਰੇਸ਼ਾਨ ਹੋ ਰਹੇ ਹਨ।
ਸਕੂਲ ਦਾ ਆਡੀਟੋਰੀਅਮ ਤੇ ਗਰਾਊਂਡ ਬਣਿਆ ਮਾਪਿਆਂ ਦੀ ਖਿੱਚ ਦਾ ਕੇਂਦਰ
ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਵਿੱਚ ਸੈਸ਼ਨ 2022-23 ਲਈ ਪ੍ਰੀ-ਨਰਸਰੀ ਅਤੇ ਨਰਸਰੀ ਦੇ ਦਾਖ਼ਲਿਆਂ ਦੀ ਅਰੰਭਤਾ ਕੀਤੀ ਗਈ। ਇਸ ਕਾਰਜ ਲਈ ਸਕੂਲੀ ਪ੍ਰਬੰਧਕਾਂ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ, ਦਰਸ਼ਨ ਸਿੰਘ ਢਿੱਲੋਂ, ਗੁਰਮੇਜ ਸਿੰਘ ਅਤੇ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਸਕੂਲ ਦੇ ਗੁਰਦੁਆਰੇ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹੋਏ ਸਕੂਲ ਸਟਾਫ਼ ਵੱਲੋਂ ਮਾਪਿਆਂ ਨੂੰ ਫ਼ਾਰਮ ਦੇਣੇ ਆਰੰਭ ਕੀਤੇ ਗਏ। ਦਾਖ਼ਲਾ ਫਾਰਮ ਲੈਣ ਵਾਲੇ ਮਾਪਿਆਂ ਦੀ ਖਿੱਚ ਦਾ ਕੇਂਦਰ ਪ੍ਰਾਇਮਰੀ ਵਿੰਗ ਦਾ ਮਿਨੀ ਆਡੀਟੋਰੀਅਮ ਅਤੇ ਮਲਟੀਪਲ ਗਰਾਊਂਡ ਬਣਿਆ ਹੋਇਆ ਹੈ। ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਵੱਲੋਂ ਪ੍ਰਾਇਮਰੀ ਵਿੰਗ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਸਮਾਰਟ ਕਲਾਸਾਂ ਰਾਹੀਂ ‘ਆਨਲਾਈਨ’ ਵਿਧੀ ਨਾਲ ਪੜ੍ਹਾਈ ਕਰਾਈ ਜਾ ਰਹੀ ਹੈ। ਸਕੂਲ ਵਿੱਚ ਦਾਖ਼ਲ ਹੋਣ ਵਾਲੇ ਮੁੱਢਲੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਾਕੇ ਉਨ੍ਹਾਂ ਦਾ ਚਹੁਮੁਖੀ ਵਿਕਾਸ ਕੀਤਾ ਜਾ ਰਿਹਾ ਹੈ। ਜਿਸ ਕਰਕੇ ਨਿੱਕੇ-ਨਿੱਕੇ ਵਿਦਿਆਰਥੀ ਰਾਸ਼ਟਰੀ ਤਿਉਹਾਰਾਂ ਦੇ ਨਾਲ-ਨਾਲ ਸਕੂਲ ਪੱਧਰ ’ਤੇ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਸ਼ਖ਼ਸੀਅਤਾਂ ਦੇ ਜਨਮ ਦਿਹਾੜੇ ਰਾਹੀਂ ਗੌਰਵਸ਼ਾਲੀ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਪਰਵਿੰਦਰ ਸਿੰਘ ਲੱਕੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕਰਦੀ ਹੈ ਤੇ ਮਾਪਿਆਂ ਵੱਲੋਂ ਸਕੂਲ ਨਾਲ ਸਹਿਯੋਗ ਕੀਤਾ ਜਾਂਦਾ ਹੈ ਤਾਂ ਘਰਾਂ ਵਿੱਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਵਾਸਤੇ ਮਾਨਸਿਕ ਦਬਾਓ ਨੂੰ ਘੱਟ ਕਰਨ ਦੇ ਵੀ ਉਪਰਾਲੇ ਕੀਤੇ ਜਾਣਗੇ। ਸਕੂਲ ਦੇ ਸਟਾਫ਼ ਨੂੰ ਸੀਬੀਐੱਸਈ ਅਤੇ ਐੱਸਸੀਈਆਰਟੀ ਦਿੱਲੀ ਵੱਲੋਂ ਸਮੇਂ-ਸਮੇਂ ’ਤੇ ਟਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ ਆਉਣ ਵਾਲੇ ਸੈਸ਼ਨ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਪ੍ਰੋਗਰਾਮ ਉਲੀਕੇ ਜਾ ਰਹੇ ਹਨ।