ਸਿਰਸਾ (ਪ੍ਰਭੂ ਦਿਆਲ): ਇੱਥੋਂ ਦੀ ਬਣ ਮੰਦੌਰੀ ਡਿਸਟਰੀਬਿਊਟਰੀ ਤੇ ਹੋਰ ਨਹਿਰਾਂ ਦੀ ਲੰਮੀ ਬੰਦੀ ਕਾਰਨ ਦਰਜਨਾਂ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਕਿੱਲਤ ਖੜ੍ਹੀ ਹੋ ਗਈ ਹੈ। ਪੀਣ ਦੇ ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਚੌਪਟਾ ਰੋਡ ’ਤੇ ਚੱਕਾ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੱਕਾ ਜਾਮ ਦੀ ਸੂਚਨਾ ਮਿਲਣ ’ਤੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਛੇਤੀ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਮਾਰਗ ਜਾਮ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਬਣ ਮੰਦੌਰੀ ਡਿਸਟੀਬਿਊਟਰੀ ’ਚ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਸ ਕਾਰਨ ਅਲੀਮੁਹੰਦ, ਨੇਜੀਆ, ਬੇਗੂ, ਅਰਨੀਆਂਵਾਲੀ, ਧਿੰਗਤਾਣੀਆ ਤੇ ਰੰਗੜੀ ਆਦਿ ਸਮੇਤ ਕਈ ਪਿੰਡਾਂ ’ਚ ਪੀਣ ਦੇ ਪਾਣੀ ਦੀ ਸਮੱਸਿਆ ਆ ਗਈ ਹੈ। ਲੋਕ ਟੈਂਕਰਾਂ ਰਾਹੀਂ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵਾਰ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਤੇ ਜ਼ੁਬਾਨੀ ਦੱਸਿਆ ਗਿਆ ਪਰ ਉਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਨੇ ਦੱਸਿਆ ਕਿ ਨਹਿਰਾਂ ਦੀ ਬੰਦੀ ਕਾਰਨ ਕਈ ਪਿੰਡਾਂ ਦੀਆਂ ਵਾਟਰ ਵਰਕਸਾਂ ਦੀਆਂ ਡਿੱਗੀਆਂ ਸੁੱਕ ਗਈਆਂ ਹਨ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਦੋ ਮਈ ਤੱਕ ਨਹਿਰਾਂ ਵਿੱਚ ਪਾਣੀ ਨਹੀਂ ਛੱਡਿਆ ਗਿਆ ਤਾਂ ਉਹ ਦੋਬਾਰਾ ਇਕੱਠੇ ਹੋ ਕੇ ਧਰਨਾ ਲਾਉਣਗੇ। ਇਸ ਮੌਕੇ ’ਤੇ ਸੁਰਜੀਤ ਸਿੰਘ ਬੇਗੂ, ਨਰਿੰਦਰ ਬੁਡਾਨਿਆ, ਸੁਨੀਲ, ਓਮ ਪ੍ਰਕਾਸ਼, ਸੁਰਜੀਤ, ਰਾਕੇਸ਼ ਡਾਂਗੀ, ਕ੍ਰਿਸ਼ਨ ਕਟਾਰੀਆ, ਰੋਹਤਾਸ਼, ਸੁਭਾਸ਼ ਬੰਸਲ, ਗੋਪੀ ਰਾਮ, ਰਾਮ ਕੁਮਾਰ ਕਲੇਰਾ, ਰਾਜੇਂਦਰ ਬਾਲਨ, ਬਨਵਾਰੀ ਲਾਲ ਖੋਥ, ਰਾਜਿੰਦਰ ਖੋਥ, ਪ੍ਰਵੀਣ ਕੁਮਾਰ ਆਦਿ ਸਮੇਤ ਅਨੇਕ ਕਿਸਾਨ ਤੇ ਮਜ਼ਦੂਰ ਮੌਜੂਦ ਸਨ।