ਪੱਤਰ ਪ੍ਰੇਰਕ
ਯਮੁਨਾਨਗਰ, 18 ਮਾਰਚ
ਡੀਏਵੀ ਡੈਂਟਲ ਕਾਲਜ ਵਿੱਚ ਓਰਲ ਸਿਹਤ ਹਫਤਾ ਮਨਾਇਆ ਗਿਆ ਜਿਸ ਦੌਰਾਨ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੰਦਾਂ ਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਗਈ । ਕਾਲਜ ਦੇ ਪ੍ਰਿੰਸੀਪਲ ਡਾ. ਆਈਕੇ ਪੰਡਿਤ ਨੇ ਕਿਹਾ ਕਿ ਦੰਦਾਂ ਨੂੰ ਸਿਹਤਮੰਦ ਰੱਖ ਕੇ ਕਈ ਬੀਮਾਰੀਆਂ ਤੋਂ ਆਪਣਾ ਬਚਾ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਦੰਦਾਂ ਦੀ ਮਾਹਿਰ ਡਾਕਟਰ ਮੋਨਿਕਾ ਗੁਪਤਾ ਨੇ ਕਿਹਾ ਕਿ ਭਾਰਤ ਵਿੱਚ 70 ਤੋਂ 80 ਫ਼ੀਸਦੀ ਲੋਕ ਦੰਦਾਂ ਦੀ ਕਿਸੇ ਨਾ ਕਿਸੇ ਬੀਮਾਰੀ ਪੀੜਤ ਹਨ ਕਿਉਂਕਿ ਉਹ ਓਰਲ ਹੈਲਥ ਵੱਲ ਧਿਆਨ ਨਹੀਂ ਦਿੰਦੇ । ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਦੁੱਧ ਦੇ ਦੰਦਾਂ ਵੱਲ ਇਸ ਲਈ ਧਿਆਨ ਨਹੀਂ ਦਿੰਦੇ ਕਿਉਂਕਿ ਉਹ ਸਥਾਈ ਦੰਦਾਂ ਦੀ ਹੀ ਚਿੰਤਾ ਕਰਦੇ ਹਨ । ਉਨ੍ਹਾਂ ਕਿਹਾ ਕਿ ਦੰਦਾਂ ਦੀ ਸੰਭਾਲ ਦਾ ਕੰਮ ਸ਼ਿਸ਼ੂ ਕਾਲ ਵਿੱਚ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੱਚੇ ਨੂੰ ਦੁੱਧ ਪਿਆਉਣ ਤੋਂ ਬਾਅਦ ਉਸ ਦੇ ਮਸੂੜਿਆਂ ਨੂੰ ਸੂਤੀ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ। ਐੱਮਡੀਐੱਸ ਦੀ ਅੰਤਿਮ ਵਰ੍ਹੇ ਦੀ ਵਿਦਿਆਰਥਣ ਦਾ ਕਹਿਣਾ ਸੀ ਕਿ ਦੁੱਧ ਦੀ ਬੋਤਲ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਹਰੀ ਸਬਜ਼ੀਆਂ, ਮੌਸਮੀ ਫਲ, ਦੁੱਧ ਅਤੇ ਦਹੀਂ ਦੇਣਾ ਚਾਹੀਦਾ ਹੈ।