ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਜੁਲਾਈ
ਬਰਾੜਾ ਦੇ ਉਗਾਲਾ ਪਿੰਡ ਦੇ ਰਾਜੇਸ਼ ਦੀ 21 ਜੂਨ ਨੂੰ ਮੌਤ ਹੋ ਗਈ, ਜਿਸ ਮਗਰੋਂ ਉਸ ਦੇ ਪਰਿਵਾਰ ਨੇ ਬਿਨਾ ਪੋਸਟਮਾਰਟਮ ਕਰਾਇਆਂ ਰਾਜ਼ੇਸ਼ ਦਾ ਸਸਕਾਰ ਕਰ ਦਿੱਤਾ। ਪੇਕੇ ਘਰੇ ਗਈ ਹੋਈ ਰਾਜਸ਼ ਦੀ ਪਤਨੀ ਬੇਬੀ ਨੇ ਇਸ ਘਟਨਾ ਮਗਰੋਂ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਸ਼ਿਕਾਇਤ ਕਰਜ ਕਰਵਾਈ। ਬੇਬੀ ਨੂੰ ਫ਼ੋਨ ਆਇਆ ਕਿ ਰਾਜੇਸ਼ ਨੂੰ ਦਿਲ ਦਾ ਦੌਰਾ ਪਿਆ ਹੈ। ਜਦੋਂ ਉਹ ਆਪਣੇ ਚਾਚੇ ਨਾਲ ਪਹੁੰਚੀ ਤਾਂ ਰਾਜੇਸ਼ ਦਾ ਅੰਤਿਮ ਸੰਸਕਾਰ ਵੀ ਹੋ ਚੁੱਕਿਆ ਸੀ। ਜਾਂਚ ਟੀਮ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਰਾਜੇਸ਼ ਨੇ ਪ੍ਰੇਸ਼ਾਨ ਹੋ ਕੇ ਪਸ਼ੂਆਂ ਵਾਲੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਸੀ ਤੇ ਪਰਿਵਾਰ ਵਾਲਿਆਂ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ’ਚ ਉਸ ਦਾ ਸਸਕਾਰ ਕਰਵਾ ਦਿੱਤਾ। ਪੁਲੀਸ ਨੇ ਰਾਜੇਸ਼ ਦੀਆਂ ਅਸਥੀਆਂ, ਰਾਖ ਤੇ ਪੱਖਾ ਬਤੌਰ ਸਬੂਤ ਕਬਜ਼ੇ ਵਿਚ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।