ਪ੍ਰਭੂ ਦਿਆਲ
ਸਿਰਸਾ, 10 ਅਕਤੂਬਰ
ਏਲਨਾਬਾਦ ਜ਼ਿਮਨੀ ਚੋਣ ਦੌਰਾਨ ਕਿਸਾਨ ਅੰਦੋਲਨ ਹੋਰ ਤੇਜ਼ ਹੋ ਗਿਆ ਹੈ। ਅੱਜ ਏਲਨਾਬਾਦ ਜ਼ਿਮਨੀ ਚੋਣ ਲੜ ਰਹੇ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ ਪ੍ਰਚਾਰ ਲਈ ਜਾਣ ਦੌਰਾਨ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾਏ ਗਏ। ਜਾਣਕਾਰੀ ਅਨੁਸਾਰ ਗੋਬਿੰਦ ਕਾਂਡਾ ਆਪਣੇ ਸਮਰਥਕਾਂ ਨਾਲ ਸਿਰਸਾ ਤੋਂ ਏਲਨਾਬਾਦ ਚੋਣ ਪ੍ਰਚਾਰ ਕਰਨ ਲਈ ਜਾ ਰਹੇ ਸਨ ਕਿ ਇਸ ਦੀ ਖ਼ਬਰ ਅੰਦੋਲਨਕਾਰੀ ਕਿਸਾਨਾਂ ਨੂੰ ਲੱਗ ਗਈ। ਇਸ ਦੌਰਾਨ ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਪਿੰਡ ਮੱਲੇਕਾਂ ਨੇੜੇ ਹਾਈਵੇਅ ’ਤੇ ਪਹੁੰਚ ਗਏ। ਜਦੋਂ ਗੋਬਿੰਦ ਕਾਂਡਾ ਦਾ ਕਾਫ਼ਲਾ ਉੱਥੇ ਪਹੁੰਚਿਆ ਤਾਂ ਕਿਸਾਨਾਂ ਨੇ ਕਾਲੇ ਝੰਡੇ ਲਹਿਰਾਉਂਦਿਆਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਉੱਥੇ ਪਹਿਲਾਂ ਹੀ ਸੀਆਰਪੀਐੱਫ ਜਵਾਨ ਅਤੇ ਪੁਲੀਸ ਮੁਲਾਜ਼ਮ ਤਾਇਨਾਤ ਸਨ। ਕਿਸਾਨਾਂ ਦੀ ਨਾਅਰੇਬਾਜ਼ੀ ਦੌਰਾਨ ਗੋਬਿੰਦ ਕਾਂਡਾ ਦਾ ਕਾਫ਼ਲਾ ਅੱਗੇ ਵਧ ਗਿਆ। ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਵਿਰੋਧ ਕਿਸਾਨ ਨਹੀਂ ਕਰ ਰਹੇ ਹਨ ਸਗੋਂ ਇੱਕ ਪਾਰਟੀ ਦੇ ਵਰਕਰ ਕਰ ਰਹੇ ਹਨ। ਇਸ ਲਈ ਚੋਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।
ਭਾਜਪਾ ਉਮੀਦਵਾਰ ਨਾਲ ਧੱਕਾ-ਮੁੱਕੀ ਦੇ ਦੋਸ਼ ਹੇਠ ਕਿਸਾਨਾਂ ਖ਼ਿਲਾਫ਼ ਕੇਸ ਦਰਜ
ਸਿਰਸਾ/ਏਲਨਾਬਾਦ (ਪ੍ਰਭੂ ਦਿਆਲ/ਜਗਤਾਰ ਸਮਾਲਸਰ): ਏਲਨਾਬਾਦ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਬੀਤੇ ਦਿਨ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਸਣੇ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਹੋਈ ਧੱਕਾ-ਮੁੱਕੀ ਦੇ ਮਾਮਲੇ ਵਿੱਚ ਪੁਲੀਸ ਨੇ ਕਿਸਾਨਾਂ ਖ਼ਿਲਾਫ਼ ਏਲਨਾਬਾਦ ਥਾਣੇ ਵਿੱਚ ਕੇਸ ਦਰਜ ਕੀਤਾ ਹੈ। ਇਹ ਕੇਸ ਏਲਨਾਬਾਦ ਦੀ ਹੁੱਡਾ ਕਲੋਨੀ ਵਾਸੀ ਜਸਵੀਰ ਸਿੰਘ ਚਹਿਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਪੁਲੀਸ ਨੇ ਜਿਹੜੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿੱਚ ਨਰਿੰਦਰ ਸਿੰਘ, ਰਾਣਾ ਸਿੰਘ, ਸੋਨੂ ਬਰਾੜ, ਗੁਰਮੀਤ ਸਿੰਘ ਤੇ ਨਿਰਮਲ ਸਿੰਘ ਸਮੇਤ 15-20 ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲੀਸ ਸ਼ਿਕਾਇਤ ਵਿੱਚ ਜਸਵੀਰ ਸਿੰਘ ਚਹਿਲ ਨੇ ਦੱਸਿਆ ਕਿ 9 ਅਕਤੂਬਰ ਦੀ ਸ਼ਾਮ ਕਰੀਬ 4 ਵਜੇ ਉਹ ਅਤੇ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ, ਅਮੀਰ ਚੰਦ ਮਹਿਤਾ, ਅੰਜਨੀ ਲੱਢਾ ਏਲਨਾਬਾਦ ਦੇ ਮੁੱਖ ਬਾਜ਼ਾਰ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਮੱਥਾ ਟੇਕਣ ਗਏ ਸਨ। ਜਦੋਂ ਉਹ ਗੁਰਦੁਆਰੇ ਵਿੱਚ ਦਾਖ਼ਲ ਹੋਏ ਤਾਂ ਉੱਥੇ ਮੌਜੂਦ ਮੁਲਜ਼ਮਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਧੱਕਾ-ਮੁੱਕੀ ਕੀਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਥੱਪੜ ਵੀ ਮਾਰੇ। ਉੱਧਰ, ਪੁਲੀਸ ਨੇਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।