ਮਹਾਂਵੀਰ ਮਿੱਤਲ
ਜੀਂਦ, 12 ਜਨਵਰੀ
ਜੀਂਦ-ਸਫੀਦੋਂ ਹਾਈਵੇਅ ਉੱਤੇ ਸਥਿਤ ਪਿੰਡ ਮਲਾਰ ਦੇ ਮੌੜ ਉੱਤੇ ਅੱਜ ਇੱਕ ਬੇਕਾਬੂ ਟਰੱਕ ਦੀ ਚਪੇਟ ਵਿੱਚ ਆ ਕੇ ਇੱਕ ਬੱਸ ਉਲਟ ਗਈ। ਬੱਸ ਵਿੱਚ ਸਵਾਰ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ, ਜਦੋਂਕਿ ਗੰਦਗੀ ਨਾਲ ਭਰਿਆ ਟਰੱਕ ਸੜਕ ਦੇ ਕਿਨਾਰੇ ਖਾਈ ਵਿੱਚ ਉਤਰ ਗਿਆ। ਇਸ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਮੋਟਰਸਾਈਕਲ ਸਵਾਰ ਵੀ ਜ਼ਖ਼ਮੀ ਹੋ ਗਿਆ। ਬੱਸ ਚਾਲਕ ਅਤੇ ਕੰਡਕਟਰ ਨੇ ਅਪਣੀ ਸੂਝਬੂਝ ਨਾਲ ਸਵਾਰੀਆਂ ਨੂੰ ਬੱਸ ਦੇ ਅਗਲੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਇਸ ਮੌਕੇ ਪਿੰਡ ’ਚ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਮਦਦ ਕੀਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ਉੱਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਸਫੀਦੋਂ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਇੱਕ ਮਹਿਲਾ ਨੂੰ ਵੱਧ ਸੱਟਾਂ ਲੱਗਣ ਕਾਰਨ ਜੀਂਦ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਇੱਕ ਪ੍ਰਾਈਵੇਟ ਬੱਸ ਸਫੀਦੋਂ-ਜੀਂਦ ਮਾਰਗ ਉੱਤੇ ਪਿੰਡ ਮਲਾਰ ਦੇ ਮੋੜ ਉੱਤੋਂ ਸਵਾਰੀ ਲੈ ਕੇ ਜਾ ਰਹੀ ਸੀ ਤੇ ਉੱਧਰ ਸਫੀਦੋਂ ਤੋਂ ਇੱਕ ਟਰੱਕ ਜੀਂਦ ਵੱਲ ਆ ਰਿਹਾ ਸੀ। ਬੱਸ ਦੇ ਨੇੜੇ ਆਉਂਦੇ ਹੀ ਟਰੱਕ ਬੇਕਾਬੂ ਹੋ ਗਿਆ ਅਤੇ ਉਸਨੇ ਬੱਸ ਨੂੰ ਸਾਈਡ ਮਾਰ ਦਿੱਤੀ। ਬੇਕਾਬੂ ਹੋਏ ਟਰੱਕ ਤੋਂ ਬੱਸ ਬਚਾਉਣ ਲਈ ਚਾਲਕ ਨੇ ਬੱਸ ਨੂੰ ਸੜਕ ਤੋਂ ਹੇਠਾਂ ਕੱਚੇ ਵਿੱਚ ਉਤਾਰ ਲਿਆ, ਜਿਸਦੇ ਚਲਦੇ ਬੱਸ ਪਲਟ ਗਈ ਅਤੇ ਟਰੱਕ ਚਾਲਕ ਨੇ ਬੱਸ ਦੇ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਬੱਸ ਚਾਲਕ ਅਮਿਤ ਅਤੇ ਕੰਡਕਟਰ ਰਾਮ ਰਤਨ ਨੇ ਸ਼ੀਸ਼ੇ ਤੋੜ ਕੇ ਯਾਤਰੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਦੱਸਿਆ ਕਿ ਬੱਸ ਵਿੱਚ 30 ਦੇ ਕਰੀਬ ਯਾਤਰੀ ਬੈਠੇ ਸਨ। ਘਟਨਾ ਨੂੰ ਅੰਜਾਮ ਦੇ ਕੇ ਟਰੱਕ ਚਾਲਕ ਫਰਾਰ ਹੋ ਗਿਆ। ਮਾਮਲੇ ਦੀ ਪੁਲੀਸ ਜਾਂਚ ਕਰ ਰਹੀ ਹੈ।