ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 21 ਜਨਵਰੀ
ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਗ੍ਰੇਟਰ ਨੋਇਡਾ ਨੂੰ ਜੋੜਨ ਵਾਲੇ ਮਾਂਝਵਾਲੀ ਪਿੰਡ ਵਿੱਚ ਯਮੁਨਾ ਨਦੀ ’ਤੇ ਪੁਲ ਦਾ ਨਿਰਮਾਣ ਜਲਦੀ ਹੀ ਪੂਰਾ ਹੋ ਜਾਵੇਗਾ। ਚੌਟਾਲਾ ਸ਼ੁੱਕਰਵਾਰ ਨੂੰ ਸ਼ਿਵ ਕਾਲਜ ਤੇਗਾਓਂ ’ਚ ਸਵਾਗਤ ਸਮਾਗਮ ’ਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਨਿਰਮਾਣ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਇਸ ਦਾ ਨਿਰਮਾਣ ਪੂਰਾ ਹੋਣ ਨਾਲ ਨੋਇਡਾ ਤੋਂ ਫਰੀਦਾਬਾਦ ਦੀ ਦੂਰੀ ਘੱਟ ਜਾਵੇਗੀ। ਇਸ ਮੌਕੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਆਲੇ-ਦੁਆਲੇ ਲੱਗੇ ਟਰੈਫਿਕ ਜਾਮ ਸਬੰਧੀ ਉਪ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ। ਸ਼ਿਕਾਇਤ ਦਾ ਤੁਰੰਤ ਨੋਟਿਸ ਲੈਂਦਿਆਂ ਉਪ ਮੁੱਖ ਮੰਤਰੀ ਨੇ ਡੀਸੀਪੀ ਜੈਵੀਰ ਰਾਠੀ ਨੂੰ ਜਾਮ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ।