ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਜੂਨ
ਅੰਬਾਲਾ-ਹਿਸਾਰ ਰੋਡ ’ਤੇ ਨਰਵਾਣਾ ਬਰਾਂਚ ਨਹਿਰ ਦੇ ਜਨਸੂਈ ਹੈੱਡ ਕੋਲੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਸਾਹਿਲ ਪੁੱਤਰ ਪੁਸ਼ਪਿੰਦਰ ਵਾਸੀ ਗੀਤਾ ਨਗਰੀ, ਅੰਬਾਲਾ ਸ਼ਹਿਰ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਤਿੰਨ ਜਣਿਆਂ ’ਤੇ ਸਾਹਿਲ ਨੂੰ ਡੁਬੋ ਕੇ ਮਾਰਨ ਦਾ ਸ਼ੱਕ ਪ੍ਰਗਟਾਇਆ ਹੈ। ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਲੌਰ ਵਾਸੀ ਹੈਪੀ, ਰਾਕੇਸ਼ ਅਤੇ ਨਿਹਾਲ ਖ਼ਿਲਾਫ਼ ਧਾਰਾ 302/34 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੱਗਲ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਤੀਸ਼ ਕੁਮਾਰ ਵਾਸੀ ਗੀਤਾ ਨਗਰੀ, ਅੰਬਾਲਾ ਸ਼ਹਿਰ ਨੇ ਦੱਸਿਆ ਕਿ ਉਸ ਦਾ ਭਤੀਜਾ ਸਾਹਿਲ ਡਿਸਪੋਜ਼ੇਬਲ ਪਲੇਟਾਂ ਦਾ ਕੰਮ ਕਰਦਾ ਸੀ। ਹੈਪੀ ਵਾਸੀ ਪਿੰਡ ਮਲੌਰ ਨੇ ਧਨਕੌਰ ਵਿੱਚ ਉਨ੍ਹਾਂ ਦੀ ਇਕ ਦੁਕਾਨ ਕਿਰਾਏ ’ਤੇ ਲਈ ਹੋਈ ਹੈ। ਕੱਲ੍ਹ ਦੁਪਹਿਰੇ 12.30 ਵਜੇ ਦੇ ਕਰੀਬ ਹੈਪੀ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਭਤੀਜੇ ਸਾਹਿਲ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਹੈਪੀ ਦੇ ਪਰਿਵਾਰ ਤੋਂ ਪਤਾ ਲੱਗਾ ਕਿ ਲੋਕ ਹੈਪੀ ਦੀ ਭਾਲ ਵਿੱਚ ਥਾਣਾ ਨੱਗਲ ਗਏ ਹੋਏ ਹਨ। ਥਾਣੇ ਪਹੁੰਚ ਕੇ ਪਤਾ ਲੱਗਾ ਕਿ ਉਸ ਦੇ ਭਤੀਜੇ ਸਾਹਿਲ ਦੀ ਲਾਸ਼ ਜਨਸੂਈ ਹੈੱਡ ਨੇੜਿਓਂ ਨਰਵਾਣਾ ਬਰਾਂਚ ਨਹਿਰ ਵਿੱਚੋਂ ਮਿਲੀ ਹੈ ਅਤੇ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦੇ ਮੁਰਦਾਘਰ ਵਿੱਚ ਰੱਖੀ ਹੋਈ ਹੈ। ਪੁਲੀਸ ਨੇ ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।