ਪੱਤਰ ਪ੍ਰੇਰਕ
ਯਮੁਨਾਨਗਰ, 5 ਸਤੰਬਰ
ਇੱਥੋਂ ਦੇ ਮੁਕੰਦ ਲਾਲ ਨੈਸ਼ਨਲ ਕਾਲਜ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ 50ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕਾਲਜ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਅਤੇ ਕਾਲਜ ਦੇ ਸੰਸਥਾਪਕ ਸੇਠ ਜੈ ਪ੍ਰਕਾਸ਼ ਦੇ ਜਨਮ ਦਿਨ ਮੌਕੇ 1972 ਤੋਂ ਹਰ ਸਾਲ 5 ਸਤੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਾਹੁਲ ਖੰਨਾ ਨੇ ਦੱਸਿਆ ਕਿ ਉਨ੍ਹਾਂ ਦਾ ਕਾਲਜ ਯਮੁਨਾਨਗਰ ਵਿੱਚ ਖੂਨਦਾਨ ਦੀ ਲਹਿਰ ਚਲਾਉਣ ਵਾਲਾ ਪਹਿਲਾ ਕਾਲਜ ਹੈ। ਕਾਲਜ ਵੱਲੋਂ ਹੁਣ ਤੱਕ 16,545 ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਾ ਹੈ ਜਿਸ ਲਈ ਕਾਲਜ ਨੂੰ ਲਗਾਤਾਰ ਕਈ ਵਾਰੀ ਹਰਿਆਣਾ ਦੇ ਰਾਜਪਾਲ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਖੂਨਦਾਨ ਦੀ ਗੋਲਡਨ ਜੁਬਲੀ (50 ਸਾਲ) ਹੋਣ ਕਾਰਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਠ ਅਸ਼ੋਕ ਕੁਮਾਰ ਵੱਲੋਂ ਖੂਨਦਾਨੀਆਂ ਦੇ 50 ਸਾਲਾਂ ਦੇ ਸਫ਼ਰ ਨੂੰ ਦਰਸਾਉਂਦਾ ਸੋਵੀਨਾਰ ਰਿਲੀਜ਼ ਕੀਤਾ ਗਿਆ।
ਇਸ ਸਮਾਗਮ ਵਿੱਚ ਉਨ੍ਹਾਂ ਦੀ ਸਪੁੱਤਰੀ ਬਾਣੀ ਰਾਜਗੜ੍ਹੀਆ ਨੇ ਵੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰਕੇ ਖੂਨਦਾਨੀਆਂ ਦੀ ਹੌਸਲਾ-ਅਫਜ਼ਾਈ ਕੀਤੀ। ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਕਾਲਜ ਦੇ ਅਧਿਆਪਕਾਂ ਤੋਂ ਇਲਾਵਾ ਐੱਨਐੱਸਐੱਸ, ਐੱਨਸੀਸੀ, ਰੈੱਡ ਕਰਾਸ, ਵਿਮੈੱਨ ਸਟੱਡੀਜ਼ ਸੈੱਲ, ਲੀਗਲ ਲਿਟਰੇਸੀ ਸੈੱਲ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਅੱਜ ਦੇ ਖੂਨਦਾਨ ਕੈਂਪ ਵਿੱਚ ਇਸ ਸਾਲ ਵਿਦਿਆਰਥੀਆਂ ਵੱਲੋਂ 200 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਹੁਲ ਖੰਨਾ ਨੇ ਸਟਾਫ਼ ਅਤੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।