ਮਹਾਂਵੀਰ ਮਿੱਤਲ
ਜੀਂਦ, 22 ਜੂਨ
ਜੀਂਦ ਨਗਰ ਪ੍ਰੀਸ਼ਦ ਦੀ ਚੌਧਰ ਦਾ ਤਾਜ ਭਾਜਪਾ ਦੀ ਉਮੀਦਵਾਰ ਅਨੁਰਾਧਾ ਸੈਣੀ ਦੇ ਸਿਰ ਉੱਤੇ ਸਜ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ਕੁੱਲ 13 ਉਮੀਦਵਾਰ ਮੈਦਾਨ ਸਨ। 31 ਵਾਰਡਾਂ ਵਾਲੀ ਜੀਂਦ ਨਗਰ ਪ੍ਰੀਸ਼ਦ ਦੇ ਪ੍ਰਧਾਨ ਅਤੇ 31 ਮੈਂਬਰਾਂ ਦੀ ਚੋਣ ਲਈ 19 ਜੂਨ ਨੂੰ ਵੋਟਾਂ ਪਈਆਂ ਸਨ। ਇੱਥੇ ਨਗਰ ਪ੍ਰੀਸ਼ਦ ਵਿੱਚ ਕੁੱਲ ਵੋਟ 1,20,205 ਵਿੱਚੋਂ 79013 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜੀਂਦ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਮੱਤਦਾਨ ਜੀਂਦ ਸ਼ਹਿਰ ਵਿੱਚ ਹੋਇਆ। ਨਗਰ ਪ੍ਰੀਸ਼ਦ ਪ੍ਰਧਾਨ ਦੇ ਅਹੁਦੇ ਲਈ ਲਈ ਭਾਜਪਾ ਦੀ ਉਮੀਦਵਾਰ ਅਨੁਰਾਧਾ ਸੈਣੀ, ਆਮ ਆਦਮੀ ਪਾਰਟੀ ਵੱਲੋਂ ਡਾ. ਰਜਨੀਸ਼ ਜੈਨ, ਆਜ਼ਾਦ ਉਮੀਦਵਾਰ ਸਵਿਤਾ ਕੁੰਡੂ, ਨਿਸ਼ਾ ਲਖੀਨਾ, ਮੀਨਾ ਸ਼ਰਮਾ ਸਮੇਤ 13 ਉਮੀਵਾਰ ਚੋਣ ਮੈਦਾਨ ਵਿੱਚ ਸਨ। ਅੱਜ ਸਵੇਰੇ ਤੋਂ ਨਿਸਚਿਤ ਸਮੇਂ ’ਤੇ ਪੁਲੀਸ ਦੇ ਸਖ਼ਤ ਪਹਿਰੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਗਿਣਤੀ ਦੇ ਅਨੁਸਾਰ ਭਾਜਪਾ ਦੇ ਉਮੀਦਵਾਰ ਅਨੁਰਾਧਾ ਸੈਣੀ ਨੂੰ 25,750 ਵੋਟਾਂ ਮਿਲੀਆਂ, ਜਦੋਂ ਕਿਆਜ਼ਾਦ ਉਮੀਦਵਾਰ ਸਵਿਤਾ ਕੁੰਡੂ ਨੂੰ 13,045, ਨਿਸ਼ਾ ਲਖੀਨਾ ਨੂੰ 11,873, ਆਪ ਉਮੀਦਵਾਰ ਡਾ. ਰਜਨੀਸ਼ ਜੈਨ ਨੂੰ 9,374, ਅਮਰਜੀਤ ਕੌਰ ਚੌਹਾਨ ਨੂੰ 6,215, ਮੀਨਾ ਸ਼ਰਮਾ ਨੂੰ 3,617, ਸੰਤੋਸ਼ ਕੁਮਾਰੀ ਬੈਨੀਵਾਲ ਨੂੰ 2,831, ਰਾਜਬਾਲਾ ਜਾਂਗੜਾ ਨੂੰ 2,353, ਬਸਪਾ ਉਮੀਦਵਾਰ ਸਲਮਾ ਨੂੰ 1,588, ਨੋਟਾ ਨੂੰ 599, ਇਨੈਲੋ ਉਮੀਦਵਾਰ ਭਗਵਤੀ ਨੂੰ 541, ਉਸ਼ਾ ਰਾਣੀ ਨੂੰ 471, ਅਨੀਤਾ ਰਾਣੀ ਨੂੰ 431 ਅਤੇ ਪੂਜਾ ਨੂੰ 327 ਵੋਟਾਂ ਮਿਲੀਆਂ। ਨਗਰ ਪ੍ਰੀਸ਼ਦ ਦੇ ਪ੍ਰਧਾਨ ਦੇ ਅਹੁਦੇ ਉੱਤੇ ਕਾਬਜ਼ ਹੋਈ ਅਨੁਰਾਧਾ ਸੈਣੀ ਨੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਜਨਹਿੱਤ ਵਿੱਚ ਹੀ ਕੰਮ ਕਰੇਗੀ ਅਤੇ ਸ਼ਹਿਰ ਦਾ ਵਿਕਾਸ, ਜੋ ਪਹਿਲੇ ਰੁਕਿਆ ਹੋਇਆ ਸੀ, ਉਸ ਨੂੰ ਜਲਦੀ ਪੂਰਾ ਕਰਵਾ ਕੇ ਆਮ ਨਾਗਰਿਕਾਂ ਨੂੰ ਰਾਹਤ ਮੁਹੱਈਆ ਕਰਵਾਈ ਜਾਵੇਗੀ।
ਪਰਿਵਾਰ ਦੀਆਂ ਵੋਟਾਂ ਚਾਰ ਪਰ ਉਮੀਦਵਾਰ ਨੂੰ ਪਈਆਂ ਦੋ
ਜੀਂਦ (ਪੱਤਰ ਪ੍ਰੇਰਕ): ਜੀਂਦ ਨਗਰ ਪ੍ਰੀਸ਼ਦ ਦੇ ਵਾਰਡ ਨੰਬਰ 21 ਵਿੱਚ ਮਿਉਂਸਪਲ ਕੌਂਸਲਰ ਲਈ ਰਾਮ ਨਿਵਾਸ ਪੁੱਤਰ ਬਾਰੂ ਰਾਮ ਨੇ ਵੀ ਨਗਰ ਪ੍ਰੀਸ਼ਦ ਦੀ ਚਣ ਲੜੀ ਸੀ। ਅੱਜ ਇਸ ਚੋਣ ਦੇ ਆਏ ਨਤੀਜੇ ਵਿੱਚ ਉਸ ਨੂੰ ਕੇਵਲ ਦੋ ਵੋਟਾਂ ਮਿਲੀਆਂ। ਜਦੋਂਕਿ ਇਸ ਵਾਰਡ ਵਿੱਚ ਨੋਟਾ ਨੂੰ 9 ਵੋਟਾਂ ਆਈਆਂ। ਦੱਸਿਆ ਗਿਆ ਹੈ ਕਿ ਰਾਮ ਨਿਵਾਸ ਦੇ ਪਰਿਵਾਰ ਵਿੱਚ ਚਾਰ ਮੈਂਬਰ ਹਨ, ਉਸ ਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਉਸ ਨੂੰ ਪਰਿਵਾਰ ਦੇ ਦੋ ਕਿਹੜੇ ਮੈਂਬਰਾਂ ਨੇ ਉਸ ਨੂੰ ਵੋਟਾਂ ਨਹੀਂ ਪਾਈਆਂ। ਇਸ ਗੱਲ ਨੂੰ ਲੈ ਕੇ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।