ਪ੍ਰਭੂ ਦਿਆਲ
ਸਿਰਸਾ, 24 ਅਪਰੈਲ
ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਪਾਰਟੀਆਂ ਵਿਕਾਸ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ ਪਰ ਹੁਣ ਜਨਤਾ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ’ਚ ਇਨੈਲੋ ਉਮੀਦਵਾਰ ਰਿਕਾਰਡ ਵੋਟਾਂ ਨਾਲ ਜਿੱਤਣਗੇ। ਉਹ ਅੱਜ ਸਿਰਸਾ ਦੀ ਡੱਬਵਾਲੀ ਰੋਡ ’ਤੇ ਸਥਿਤ ਮਹਾਰਾਜਾ ਪੈਲੇਸ ਵਿੱਚ ਇਨੈਲੋ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 102 ਸੀਟਾਂ ’ਤੇ ਵੋਟਿੰਗ ਦੇ ਪਹਿਲੇ ਪੜਾਅ ’ਚ ਭਾਜਪਾ ਦੀ ਹਾਲਤ ਕਮਜ਼ੋਰ ਰਹੀ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਬਰਾ ਗਏ ਹਨ ਅਤੇ ਫਿਰ ਹਿੰਦੂ ਮੁਸਲਮਾਨ ਵਿੱਚ ਵਿਤਕਰਾ ਪਾਉਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ।