ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਨਵੰਬਰ
ਇੱਥੋਂ ਦੀ ਅਨਾਜ ਮੰਡੀ ਵਿੱਚ ਚੁਕਾਈ ਨਾ ਹੋਣ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਦੇ ਢੇਰ ਲੱਗ ਗਏ ਹਨ। ਝੋਨਾ ਰੱਖਣ ਦੀ ਥਾਂ ਨਾ ਹੋਣ ਕਾਰਨ ਅੱਜ ਆੜ੍ਹਤੀਆਂ ਤੇ ਵਪਾਰੀਆਂ ਵੱਲੋਂ ਝੋਨੇ ਦੀ ਬੋਲੀ ਨਹੀਂ ਕਰਵਾਈ ਗਈ। ਆੜ੍ਹਤੀਆਂ ਨੇ ਮੀਟਿੰਗ ਕਰਕੇ ਪਹਿਲਾਂ ਮੰਡੀ ’ਚੋਂ ਝੋਨੇ ਦੀਆਂ ਭਰੀਆਂ ਬੋਰੀਆਂ ਚੁੱਕੇ ਜਾਣ ਤੱਕ ਹੋਰ ਝੋਨੇ ਦੀ ਖਰੀਦ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਨੇ ਦੱਸਿਆ ਕਿ ਮੰਡੀ ’ਚੋਂ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਝੋਨਾ ਰੱਖਣ ਦੀ ਸਮੱਸਿਆ ਆ ਰਹੀ ਹੈ ਜਿਸ ਕਾਰਨ ਅਗਲੇ ਦੋ ਦਿਨ ਝੋਨੇ ਦੀ ਬੋਲੀ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਵੀ ਮੰਡੀ ’ਚੋਂ ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀ ’ਚ ਜ਼ਿਆਦਾ ਝੋਨਾ ਆਉਣ ਕਾਰਨ ਕਿਸਾਨਾਂ ਵੱਲੋਂ ਸੜਕਾਂ ’ਤੇ ਝੋਨਾ ਉਤਾਰਿਆ ਜਾ ਰਿਹਾ ਹੈ ਜਿਸ ਕਾਰਨ ਆਵਾਜਾਹੀ ’ਚ ਵਿਘਨ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀ ’ਚੋਂ ਖਰੀਦਿਆ ਝੋਨਾ ਚੁਕਵਾਇਆ ਜਾਵੇਗਾ, ਇਸ ਮਗਰੋਂ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਖੇਤੀ ਅਫ਼ਸਰਾਂ ਵੱਲੋਂ ਦਾਣਾ ਮੰਡੀਆਂ ਦੀ ਚੈਕਿੰਗ
ਗੁਰੂਹਰਸਹਾਏ (ਪੱਤਰ ਪ੍ਰਰੇਕ): ਮਾਰਕੀਟਿੰਗ ਵਿੰਗ ਦੇ ਅਧਿਕਾਰੀ ਖੇਤੀਬਾੜੀ ਵਿਕਾਸ ਅਫਸਰ ਆਸ਼ੂ ਕੰਬੋਜ ਅਤੇ ਖੇਤੀਬਾੜੀ ਵਿਕਾਸ ਅਫਸਰ ਹਰਵਿੰਦਰ ਕੰਬੋਜ ਵੱਲੋਂ ਉਤਾੜ ਤੇ ਗੁਰੂਹਰਸਹਾਏ ਨਾਲ ਲੱਗਦੀਆਂ ਮੰਡੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰਾਂ ਵੱਲੋਂ ਆੜ੍ਹਤੀਆਂ ਦੁਆਰਾ ਤੋਲ ਸਬੰਧੀ ਵਰਤੇ ਜਾ ਰਹੇ ਕੰਡੇ ਅਤੇ ਵੱਟਿਆਂ ‘ਤੇ ਲੱਗੇ ਵੈਰੀਫਿਕੇਸ਼ਨ ਕੋਡ ਚੈੱਕ ਕਰਨ ਦੇ ਨਾਲ ਕੰਡਿਆਂ ਦੀ ਪਾਸਿੰਗ ਵੀ ਚੈੱਕ ਕੀਤੀ ਗਈ। ਉਨ੍ਹਾਂ ਮੌਕੇ ‘ਤੇ ਹਾਜ਼ਰ ਕਿਸਾਨਾਂ ਨੂੰ ਸਹੀ ਮਾਪ ਤੋਲ ਬਾਰੇ ਜਾਣਕਾਰੀ ਦਿੱਤੀ।