ਪੱਤਰ ਪ੍ਰੇਰਕ
ਟੋਹਾਣਾ, 31 ਜੁਲਾਈ
ਸੂਬੇ ਦੇ ਮੁੱਖ ਮੰਤਰੀ ਵੱਲੋਂ ਜ਼ਿਲ੍ਹਾ ਫਤਿਹਾਬਾਦ ਵਿੱਚ ਮੈਡੀਕਲ ਕਾਲਜ ਦੇ ਐਲਾਨਨਾਮੇ ਤੋਂ ਬਾਅਦ ਕਾਲਜ ਵਾਸਤੇ ਜ਼ਿਲ੍ਹੇ ਦੇ ਹਰ ਸ਼ਹਿਰ ਵਿੱਚ ਜ਼ਮੀਨ ਮਾਰਕੀਟ ਭਾਅ ਜਾਂ ਪੰਚਾਇਤ ਜ਼ਮੀਨਾਂ ਮੁਫ਼ਤ ਵਿੱਚ ਮੈਡੀਕਲ ਕਾਲਜ ਲਈ ਦਿੱਤੇ ਜਾਣ ਦੀ ਪੇਸ਼ਕਸ਼ ਹੋ ਰਹੀ ਹੈ। ਤਾਜ਼ਾ ਜਾਣਕਾਰੀ ਵਿੱਚ ਭੂਨਾ ਨਗਰ ਕੌਂਸਲ ਦੇ ਨਵੇਂ ਕੌਂਸਲਰਾਂ ਦੀ ਪਹਿਲੀ ਮੀਟਿੰਗ ਫਤਿਹਾਬਾਦ ਦੇ ਵਿਧਾਇਕ ਦੁੜਾਰਾਮ ਬਿਸ਼ਨੋਈ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਕਿਹਾ ਗਿਆ ਹੈ ਕਿ ਭੂਨਾ ਨਗਰ ਕੌਂਸਲ ਕੋਲ 70 ਏਕੜ ਜ਼ਮੀਨ ਪਈ ਹੈ, ਜਿਸ ਵਿੱਚੋਂ 50 ਏਕੜ ਜ਼ਮੀਨ ਮੈਡੀਕਲ ਕਾਲਜ ਲਈ ਦਿੱਤੇ ਜਾਣ ਲਈ ਮਤਾ ਪਾਸ ਕੀਤਾ ਗਿਆ। ਦੱਸ ਦੇਈਏ ਕਿ ਫਤਿਹਾਬਾਦ ਸ਼ਹਿਰ ਦੇ ਹੁੱਡਾ ਸੈਕਟਰ ਵਾਲੀ ਜ਼ਮੀਨ ਦਾ ਸੌਦਾ ਰੱਦ ਹੋਣ ’ਤੇ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਟੋਹਾਣਾ ਦੇ 200 ਤੋਂ ਵੱਧ ਨੁਮਾਇੰਦਿਆਂ ਦੇ ਦਲ ਨਾਲ ਚੰਡੀਗਡ੍ਹ ’ਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾ ਕੇ ਟੋਹਾਣਾ ਵਿੱਚ ਪੰਚਾਇਤੀ ਜ਼ਮੀਨਾਂ ਦੀ ਪੇਸ਼ਕਾਰੀ ਕਰਦੇ ਹੋਏ ਮੈਡੀਕਲ ਕਾਲਜ ਬਣਾਉਣ ਦੀ ਮੰਗ ਰੱਖੀ। ਇਥੇ ਦੱਸਣਯੋਗ ਹੈ ਕਿ ਟੋਹਾਣਾ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਮੰਗ ’ਤੇ ਸਾਰੀਆਂ ਸਿਆਸੀ ਪਾਰਟੀਆਂ ਇਕ ਮੰਚ ’ਤੇ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਭਵਿੱਖ ਵਿੱਚ ਸਰਕਾਰ ਨੂੰ ਮੈਡੀਕਲ ਕਾਲਜ ਦੀ ਜ਼ਮੀਨ ਫਾਈਨਲ ਕਰਨ ਤੋਂ ਪਹਿਲਾਂ ਲੋਕਾਂ ਦੀ ਭਾਵਨਾਵਾਂ ਨੂੰ ਦੇਖਣਾ ਪਵੇਗਾ। ਮੈਡੀਕਲ ਕਾਲਜ ਦਾ ਭਵਿੱਖ ਕਿਸ ਸ਼ਹਿਰ ਵਿੱਚ ਹੋਵੇਗਾ ? ਇਹ ਫੈਸਲਾ ਲੈਣ ਤੋਂ ਪਹਿਲਾਂ ਸੂੁਬਾ ਸਰਕਾਰ ਨੂੰ ਕਈ ਵਾਰ ਸੋਚਣ ਲਈ ਮਜਬੂਰ ਹੋਣਾ ਪਵੇਗਾ। ਜ਼ਿਲ੍ਹੇ ਵਿੱਚ ਕਾਲਜ ਬਣਨ ’ਤੇ ਵੀ ਤਿੰਨ ਚੌਥਾਈ ਪਰਿਵਾਰਾਂ ਵਿੱਚ ਮਾਮਲਾ ਖਿੱਲਰ ਜਾਣ ’ਤੇ ਉਨ੍ਹਾਂ ਨੂੰ ਸੂਬਾ ਸਰਕਾਰ ਰਾਜ਼ੀ ਕਰ ਸਕੇਗੀ, ਇਹ ਵੇਖਣ ਵਾਲੀ ਗੱਲ ਹੈ।