ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 2 ਮਾਰਚ
ਐਨਐਚਏਆਈ ਵੱਲੋਂ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇਅ 754-ਕੇ ਅਤੇ ਐਨ.ਐਚ. 54 ਬਾਰੇ ਵਾਟਰ ਵਰਕਸ ਟੈਂਕੀ ਸਮਝੌਤਾ ਲਾਗੂ ਨਾ ਕੀਤੇ ਜਾਣ ਕਰਕੇ ਨੌਂ ਪਿੰਡਾਂ ਦੇ ਕਿਸਾਨਾਂ ਨੇ ਮੁੜ ਸੰਘਰਸ਼ ਦਾ ਰਾਹ ਫੜ ਲਿਆ ਹੈ। ਕਿਸਾਨਾਂ ਨੇ ਅੱਜ ਅਬੁੱਬਸ਼ਹਿਰ ’ਚ ਐਨ.ਐਚ.ਏ.ਆਈ. ਪਲਾਂਟ ‘ਤੇ ਹਾਈਵੇਅ ਕਾਰਜ ਰੁਕਵਾ ਕੇ ਪੱਕਾ ਧਰਨਾ ਲਗਾ ਦਿੱਤਾ।
ਕਿਸਾਨਾਂ ਦਾ ਦੋਸ਼ ਹੈ ਕਿ ਨਵੰਬਰ ਦੇ ਅਖ਼ੀਰ ’ਚ ਕਿਸਾਨਾਂ ਵੱਲੋਂ ਹੱਕੀ ਮੰਗਾਂ ਬਾਰੇ ਪਿੰਡ ਡੱਬਵਾਲੀ ’ਚ ਵਾਟਰ ਵਕਰਸ ਦੀ ਟੈਂਕੀ ’ਤੇ ਸੰਘਰਸ਼ ਵਿੱਢਣ ਮੌਕੇ ਪ੍ਰਸ਼ਾਸਨ ਨੇ ਦਸ ਸੂਤਰੀ ਮੰਗਾਂ ਮੰਨੀਆਂ ਸਨ ਜਿਹੜੀਆਂ ਅੱਜ ਤੱਕ ਪੂਰੀਆਂ ਨਹੀਂ ਹੋ ਸਕੀਆਂ।
ਕਿਸਾਨ ਆਗੂ ਰਾਕੇਸ਼ ਫਗੋੜੀਆ, ਸ਼ਿਵਚਰਨ ਨੰਬਰਦਾਰ, ਰਾਜੀਵ ਘੋੜੇਲਾ, ਮਨਪ੍ਰੀਤ ਕੰਬੋਜ, ਮੋਹਣ ਲਾਲ ਨੇ ਕਿਹਾ ਕਿ ਉਨ੍ਹਾਂ ਅਬੁੱਬਸ਼ਹਿਰ ’ਚ ਹਾਈਵੇਅ ਉਸਾਰੀ ’ਤੇ ਪੁੱਜ ਕੇ ਕੰਪਨੀ ਅਮਲੇ ਨੂੰ ਸਮਝੌਤੇ ਮੁਤਾਬਕ ਸਿੰਚਾਈ ਖਾਲੇ ਉਸਾਰਨ ਦੀ ਗੱਲ ਆਖੀ। ਅਮਲੇ ਨੇ ਅਜਿਹੇ ਕੋਈ ਨਿਰਦੇਸ਼ ਨਾ ਹੋਣ ਦੀ ਗੱਲ ਆਖ ਦਿੱਤੀ। ਬਾਅਦ ’ਚ ਕਿਸਾਨਾਂ ਨੇ ਮੁਜ਼ਾਹਰਾ ਕਰਕੇ ਉਸਾਰੀ ਰੁਕਵਾਈ।
ਕਿਸਾਨ ਆਗੂ ਦਇਆ ਰਾਮ ਉਲਾਨੀਆਂ ਨੇ ਕਿਹਾ ਪਿੰਡ ਚੌਟਾਲਾ ਦੇ ਤਿੰਨ ਕਿਲੋਮੀਟਰ ਖੇਤਰ ’ਚ ਐਨ.ਐਚ.ਏ.ਆਈ. ਸੜਕ ਹੇਠਿਉਂ ਸੱਤ ਗੁਣਾ ਸੱਤ ਫੁੱਟ ਦੇ ਖਾਲ ਬਣਾਏ ਹਨ, ਜਦੋਂਕਿ ਬਾਕੀ ਦੇ 9 ਪਿੰਡਾਂ ’ਚ ਨਹਿਰ ਖਾਲ ਛੋਟੇ ਕਰਕੇ ਸਿਰਫ਼ ਸਾਢੇ ਚਾਰ ਗੁਣਾ ਸਾਢੇ ਚਾਰ ਫੁੱਟ ਦੇ ਬਣਾਏ ਜਾ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਨਹਿਰੀ ਖਾਲਿਆਂ ਦੀ ਸਫ਼ਾਈ ਕਰਨੀ ਅਤੇ ਲੰਘਣਾ ਬਹੁਤ ਔਖਾ ਹੋ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਐਕਸਪ੍ਰੈਸ ਹਾਈਵੇਅ ਤੋਂ ਕਿਸੇ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਹੇਠੋਂ ਲੰਘਣ ਦੀ ਸਹੂਲਤ ਖੋਹੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਰਵਿਸ ਰੋਡ ਅਤੇ ਸੜਕੀ ਰਕਬੇ ’ਚ ਆਈਆਂ ਉਸਾਰੀਆਂ ਅਤੇ ਗ੍ਰਹਿਣ ਜ਼ਮੀਨ ਦੇ ਐਵਾਰਡ ਨਹੀਂ ਦਿੱਤੇ ਜਾ ਰਹੇ। ਕਿਸਾਨਾਂ ਨੇ ਕਿਹਾ ਕਿ ਟੈਂਕੀ ਸੰਘਰਸ਼ ਦਾ ਰਾਜੀਨਾਮਾ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਗਿਆ, ਸਗੋਂ ਕਿਸਾਨਾਂ ’ਤੇ ਟੈਂਕੀ ਤੋਂ ਉੱਤਰਦੇ ਸਾਰ ਝੂਠੇ ਮੁਕੱਦਮੇ ਦਰਜ ਕਰ ਦਿੱਤੇ ਗਏ ਸਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਮਝੌਤੇ ਅਨੁਸਾਰ ਸਿੰਚਾਈ ਖਾਲਿਆਂ ਦੀ ਉਸਾਰੀ ਨਾ ਹੋਣ ਤੱਕ ਕਾਰਜ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ ਐਨ.ਐਚ.ਏ.ਆਈ. ਬਠਿੰਡਾ ਦੇ ਪ੍ਰਾਜੈਕਟ ਡਾਇਰੈਕਟਰ ਵਿਪਲ ਨੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ।