ਚੰਡੀਗੜ੍ਹ, 10 ਨਵੰਬਰ
ਹਰਿਆਣਾ ਵਿਚ ਬਰੋਦਾ ਹਲਕੇ ਲਈ ਹੋਈ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਇੰਦੂ ਰਾਜ ਨਰਵਾਲ ਨੇ ਭਾਜਪਾ ਦੇ ਉਮੀਦਵਾਰ ਯੋਗੇਸ਼ਵਰ ਦੱਤ ਨੂੰ ਮਾਤ ਦੇ ਦਿੱਤੀ। ਨਰਵਾਲ ਕਰੀਬ ਦਸ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਇਸ ਤਰ੍ਹਾਂ ਵਿਰੋਧੀ ਧਿਰ ਕਾਂਗਰਸ ਨੇ ਇਹ ਸੀਟ ਆਪਣੇ ਕੋਲ ਬਰਕਰਾਰ ਰੱਖੀ ਹੈ। ਓਲੰਪੀਅਨ ਪਹਿਲਵਾਨ ਦੱਤ ਇਸ ਹਲਕੇ ਵਿਚੋਂ ਦੂਜੀ ਵਾਰ ਹਾਰੇ ਹਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੱਤ ਨੂੰ ਕਾਂਗਰਸੀ ਉਮੀਦਵਾਰ ਕ੍ਰਿਸ਼ਨ ਹੁੱਡਾ ਨੇ 4800 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਹੁੱਡਾ ਦੀ ਅਪਰੈਲ ਵਿਚ ਮੌਤ ਹੋ ਗਈ ਸੀ ਤੇ ਸੀਟ ਖਾਲੀ ਹੋ ਗਈ ਸੀ। ਉਹ ਇਸ ਹਲਕੇ ਤੋਂ ਤਿੰਨ ਵਾਰ ਜੇਤੂ ਰਹਿ ਚੁੱਕੇ ਸਨ। ਹਰਿਆਣਾ ਕਾਂਗਰਸ ਮੁਖੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਬਰੋਦਾ ਦੇ ਲੋਕਾਂ ਨੇ ਆਪਣਾ ਫ਼ੈਸਲਾ ਸੁਣਾ ਕੇ ‘ਕਿਸਾਨ ਤੇ ਮਜ਼ਦੂਰ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ’ ਜਵਾਬ ਦਿੱਤਾ ਹੈ। ਸ਼ੈਲਜਾ ਨੇ ਕਿਹਾ ਕਿ ਨਰਵਾਲ ਦੀ ਜਿੱਤ ਕਿਸਾਨਾਂ-ਮਜ਼ਦੂਰਾਂ ਦੀ ਜਿੱਤ ਹੈ ਤੇ ਉਹ ਬਰੋਦਾ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਕਾਂਗਰਸ ਉਨ੍ਹਾਂ ਦੀਆਂ ਉਮੀਦਾਂ ਉਤੇ ਖ਼ਰੀ ਉਤਰੇਗੀ।
-ਪੀਟੀਆਈ