ਕੇਕੇ ਬਾਂਸਲ
ਰਤੀਆ, 10 ਅਕਤੂਬਰ
ਪਿੰਡ ਬਬਨਪੁਰ ਢਾਣੀ ਦੇ ਵਾਟਰ ਵਰਕਸ ਵਿਚ ਟਿਊਬਵੈੱਲ ਪਿਛਲੇ 3 ਮਹੀਨੇ ਤੋਂ ਖਰਾਬ ਹੋਣ ਕਾਰਨ ਪਿੰਡ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਉਧਰ, ਦੂਜੇ ਟਿਊਬਵੈੱਲ ਤੋਂ ਮਿੱਟੀ ਵਾਲਾ ਪਾਣੀ ਆਉਣ ਕਾਰਨ ਲੋਕਾਂ ਨੂੰ ਦੂਸ਼ਿਤ ਪਾਣੀ ਪੀਣਾ ਪੀ ਰਿਹਾ ਹੈ। ਲੋਕਾਂ ਨੇ ਵਿਭਾਗ ਦੇ ਰਵੱਈਏ ਨੂੰ ਲੈ ਕੇ ਅੱਜ ਨਾਅਰੇਬਾਜ਼ੀ ਕੀਤੀ ਤੇ ਲੋਕਾਂ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ, ਐੱਸਡੀਐੱਮ ਅਤੇ ਜਨ ਸਿਹਤ ਮੰਤਰੀ ਨੂੰ ਸ਼ਿਕਾਇਤ ਭੇਜ ਕੇ ਟਿਊਬਵੈੱਲ ਠੀਕ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਬਬਨਪੁਰ ਢਾਣੀ ਦੇ ਵਾਸੀ ਜੰਟਾ ਸਿੰਘ, ਜਸਪਾਲ, ਗੁਰਪ੍ਰੀਤ, ਅਮਨਦੀਪ ਸਿੰਘ, ਮੋਹਨਾ, ਇਕਬਾਲ, ਕਰਮ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਲੱਗੇ ਹੋਏ ਵਾਟਰ ਵਰਕਸ ਵਿਚ ਟਿਊਬਵੈੱਲ ਪਿਛਲੇ 3 ਮਹੀਨੇ ਤੋਂ ਖਰਾਬ ਪਿਆ ਹੈ ਉਸ ਕਾਰਨ ਅੱਧੇ ਤੋਂ ਵੀ ਜ਼ਿਆਦਾ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਅਤੇ ਲੋਕਾਂ ਨੂੰ ਖੇਤਾਂ ਵਿੱਚੋਂ ਪੀਣ ਵਾਲਾ ਪਾਣੀ ਲੈ ਕੇ ਆਉਣਾ ਪੈ ਰਿਹਾ ਹੈ। ਦੂਸਰੇ ਟਿਊਬਵੈੱਲ ਵਿਚ ਮਿੱਟੀ ਵਾਲਾ ਪਾਣੀ ਆਉਣ ਕਾਰਨ ਉਹ ਵੀ ਪਾਣੀ ਪੀਣਯੋਗ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਖਰਾਬ ਟਿਊਬਵੈੱਲ ਨੂੰ ਠੀਕ ਨਾ ਕੀਤਾ ਗਿਆ ਤਾਂ ਲੋਕ ਇਸ ਮਾਮਲੇ ਨੂੰ ਲੈ ਕੇ ਧਰਨਾ ਦੇਣ ਲਈ ਮਜਬੂਰ ਹੋ ਜਾਣਗੇ। ਪਿੰਡ ਦੇ ਸਰਪੰਚ ਜਗਰਾਜ ਸਿੰਘ ਨੇ ਦੱਸਿਆ ਕਿ ਉਹ ਇਸ ਸਮੱਸਿਆ ਬਾਰੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਹ ਜਲਦ ਹੀ ਇਸ ਸਬੰਧੀ ਵਿਧਾਇਕ ਅਤੇ ਜਨ ਸਿਹਤ ਵਿਭਾਗ ਦੇ ਮੰਤਰੀ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕਰਨਗੇ।
ਐਸਟੀਮੇਟ ਭੇਜਿਆ ਹੋਇਆ ਹੈ: ਜੇਈ
ਜਨ ਸਿਹਤ ਵਿਭਾਗ ਦੇ ਜੇਈ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਬਨਪੁਰ ਢਾਣੀ ਵਿਚ ਜੋ ਟਿਊਬਵੈੱਲ ਖਰਾਬ ਪਿਆ ਹੈ ਉਥੇ ਨਵਾਂ ਟਿਊਬਵੈੱਲ ਲਗਾਉਣ ਲਈ ਉੱਚ ਅਧਿਕਾਰੀਆਂ ਨੂੰ ਐਸਟੀਮੇਟ ਭੇਜਿਆ ਹੋਇਆ ਹੈ ਅਤੇ ਜਿਵੇਂ ਹੀ ਉਚ ਅਧਿਕਾਰੀਆਂ ਤੋਂ ਐਸਟੀਮੇਟ ਪਾਸ ਹੋ ਜਾਵੇਗਾ, ਪਿੰਡ ਵਿਚ ਨਵਾਂ ਟਿਊਬਵੈੱਲ ਲਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੇ ਟਿਊਬਵੈੱਲ ਦੇ ਦੂਸ਼ਿਤ ਪਾਣੀ ਦੀ ਉਹ ਜਾਂਚ ਕਰਵਾਉਣਗੇ।