ਮਹਾਂਵੀਰ ਮਿੱਤਲ
ਜੀਂਦ, 14 ਅਪਰੈਲ
ਖੇਤੀ ਦੇ ਤਿੰਨੇ ਕਾਨੂੰਨਾਂ ਦੇ ਵਿਰੋਧ ਵਿੱਚ ਖਟਕੜ ਟੌਲ ਪਲਾਜ਼ਾ ਦੇ ਕੋਲ ਕਿਸਾਨਾਂ ਦਾ ਧਰਨਾ 108 ਦਿਨਾਂ ਤੋਂ ਲਗਾਤਾਰ ਜਾਰੀ ਹੈ ਤੇ ਨਾਲ ਹੀ ਭੁੱਖ ਹੜਤਾਲ ਵੀ ਜਾਰੀ ਹੈ। ਅੱਜ ਧਰਨੇ ਦੀ ਅਗਵਾਈ ਸਾਬਕਾ ਸਰਪੰਚ ਗਿਆਨੀ ਰਾਮ ਨੇ ਕੀਤੀ। ਭੁੱਖ ਹੜਤਾਲ ਉੱਤੇ ਅਲੀਪੁਰਾ ਦੇ ਵੇਦ ਪ੍ਰਕਾਸ਼, ਭਾਗੀਰਥ, ਮੋਹਨਗੜ੍ਹ ਛਾਪਰਾ ਦੇ ਬਲ੍ਹੜ, ਪਨਿਹਾਰੀ ਦੇ ਸੁਰੇਸ਼ ਅਤੇ ਰੂਪਗੜ੍ਹ ਦੇ ਛੱਜੂਰਾਮ ਬੈਠੇ। ਇਸ ਮੌਕੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਸਿੰਘ ਬਰਸੋਲਾ ਨੇ ਕਿਹਾ ਕਿ ਦਿੱਲੀ ਸਰਹੱਦ ਉੱਤੇ ਕਿਸਾਨ ਅੰਦੋਲਨ ਨੂੰ 4 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਤਾਂ ਖਟਕੜ ਟੌਲ ਪਲਾਜ਼ਾ ਉੱਤੇ ਵੀ ਧਰਨਾ 108ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੰਦੋਲਨ ਜਿੰਨਾ ਲੰਬਾ ਹੋ ਰਿਹਾ ਹੇ ,ਉਨਾ ਹੀ ਕਿਸਾਨਾਂ ਦਾ ਹੌਸਲਾ ਵੱਧ ਰਿਹਾ ਹੈ। ਧਰਨਿਆਂ ਉੱਤੇ ਕਣਕ ਦੀ ਵਾਢੀ ਦੌਰਾਨ ਵੀ ਲੋਕਾਂ ਦੀ ਗਿਣਤੀ ਵੱਧ ਰਹੀ ਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਕਿਸਾਨ ਸੰਨ 2024 ਤੱਕ ਅੰਦੋਲਨ ਚਲਾਉਣ ਲਈ ਤਿਆਰ ਹਨ। ਜਦੋਂ ਤੱਕ ਕੇਂਦਰ ਸਰਕਾਰ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਧਰਨਾ ਚਲਦਾ ਰਹੇਗਾ। ਇਸ ਮੌਕੇ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਜਦੋਂ ਆਲੂ ਕਿਸਾਨ ਕੋਲ ਹੁੰਦਾ ਹੈ ਤਾਂ ਉਹ ਸਸਤਾ ਹੁੰਦਾ ਹੇ ਅਤੇ ਜਦੋਂ ਉਹ ਵਪਾਰੀ ਕੋਲ ਹੁੰਦਾ ਹੈ ਤਾਂ ਮਹਿੰਗਾ ਹੋ ਜਾਂਦਾ ਹੈ। ਅੱਜ ਖੇਤੀ ਕਿਸਾਨਾਂ ਲਈ ਘਾਟੇ ਦਾ ਸੌਦਾ ਬਣ ਚੁੱਕੀ ਹੈ।
ਇੱਕ ਦਿਨ ਪਹਿਲਾਂ ਲਾਇਆ ਉਦਘਾਟਨ ਪੱਥਰ ਤੋੜਿਆ
ਜੀਂਦ (ਪੱਤਰ ਪ੍ਰੇਰਕ): ਜੀਂਦ ਜ਼ਿਲ੍ਹੇ ਦੇ ਕਸਬੇ ਪਿੱਲੂਖੇੜਾ ਵਿੱਚ ਜਨ ਨਾਇਕ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਰਾਠੀ ਵੱਲੋਂ ਕੀਤੇ ਗਏ ਉਦਘਾਟਨ ਦਾ ਪੱਥਰ ਅੱਜ ਕਿਸੇ ਨੇ ਤੋੜ ਦਿੱਤਾ। ਮੰਗਲਵਾਰ ਨੂੰ ਕ੍ਰਿਸ਼ਨ ਰਾਠੀ ਵੱਲੋਂ ਪਿੰਡ ਦੇ ਪੱਕੇ ਕੀਤੇ ਗਏ ਦੋ ਰਸਤਿਆਂ ਦਾ ਉਦਘਾਟਨ ਕੀਤਾ ਸੀ। ਇਨ੍ਹਾਂ ਰਾਸਤਿਆਂ ਦੇ ਨਿਰਮਾਣ ਕੰਮ ਉੱਤੇ 26.40 ਲੱਖ ਰੁਪਏ ਦੀ ਰਾਸ਼ੀ ਖਰਚ ਆਈ ਸੀ। ਖ਼ਬਰ ਲਿਖਣ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਇਹ ਪੱਥਰ ਕਿਸ ਨੇ ਉਖਾੜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਸਿਕਾਇਤ ਅਜੇ ਤੱਕ ਪੁਲੀਸ ਨੂੰ ਵੀ ਨਹੀਂ ਦਿੱਤੀ ਗਈ ਹੈ ਪਰ ਪੁਲੀਸ ਆਪਣੇ ਅਧਾਰ ਉੱਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਂਜ ਇਹ ਮਾਮਲਾ ਕਿਸਾਨ ਅੰਦੋਲਨ ਨਾਲ ਜੋੜਿਆ ਜਾ ਰਿਹਾ ਹੈ।