ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 26 ਜੂਨ
ਹਰਿਆਣਾ ਦੇ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਦੇ ਵਿਰੋਧ ਵਿਚ ਐੱਨਐੱਚਐੱਮ ਕਰਮਚਾਰੀਆਂ ਨੇ ਭਾਰਤੀ ਮਜ਼ਦੂਰ ਸੰਘ ਦੇ ਸੱਦੇ ’ਤੇ ਅੰਬਾਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੱਲ੍ਹ ਤੋਂ 3 ਦਿਨ ਦੀ ਸੰਕੇਤਕ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਸੰਘ ਦੇ ਪ੍ਰਦੇਸ਼ ਪ੍ਰਚਾਰ ਸਕੱਤਰ ਮੋਕਸ਼ ਕੌਸ਼ਕ ਨੇ ਦੱਸਿਆ ਕਿ ਭਲਕੇ ਉਨ੍ਹਾਂ ਦੀ ਹੜਤਾਲ ਸ਼ੁਰੂ ਹੋ ਜਾਵੇਗੀ ਤੇ ਸਾਰੇ ਜ਼ਿਲ੍ਹਿਆਂ ਵਿਚ ਚੀਫ਼ ਮੈਡੀਕਲ ਅਫਸਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਕਰਮਚਾਰੀਆਂ ਨੇ ਮੰਗ ਪੂਰੀ ਨਾ ਹੋਣ ਤੱਕ ਐਮਰਜੈਂਸੀ ਸਮੇਤ ਸਾਰੀਆਂ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਐੱਨਐੱਚਐੱਮ ਕਰਮਚਾਰੀ ਸੰਘ ਅੰਬਾਲਾ ਦੇ ਪ੍ਰਧਾਨ ਤਰਨਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ 2 ਨਵੰਬਰ ਨੂੰ ਸਾਰੇ ਐੱਨਐੱਚਐੱਮ ਕਰਮਚਾਰੀਆਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਲਾਗੂ ਕਰਨਾ ਤਾਂ ਦੂਰ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਸੇਵਾ ਨਿਯਮਾਂ ਨਾਲ ਛੇੜ-ਛਾੜ ਕਰਕੇ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਹੈ।