ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਅਕਤੂਬਰ
ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਨੇ ਮਿਹਨਤਾਨੇ ਤੇ ਹੋਰ ਮੰਗਾਂ ਲਈ ਅੱਜ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਸੌਂਪਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ’ਚ ਆਂਗੜਵਾੜੀ ਵਰਕਰਾਂ ਤੇ ਹੈਲਪਰਾਂ ਦਾ ਬਕਾਇਆ ਮਿਹਨੇਤਾਨਾ ਉਨ੍ਹਾਂ ਦੇ ਖਾਤਿਆਂ ’ਚ ਨਾ ਪਾਇਆ ਗਿਆ ਤਾਂ ਉਹ ਮਿਨੀ ਸਕੱਤਰੇਤ ਦੇ ਬਾਹਰ ਕਾਲੀ ਦੀਵਾਲੀ ਮਨਾਉਣਗੇ। ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀਆਂ ਆਗੂਆਂ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲਣ ਵਾਲਾ ਮਿਹਨੇਤਾਨਾ ਮਾਰਚ 2022 ਤੋਂ ਨਹੀਂ ਮਿਲਿਆ ਹੈ। 2018 ਤੋਂ ਵਰਦੀ ਤੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਵੀ ਬਕਾਇਆ ਖੜ੍ਹਾ ਹੈ। ਮੋਬਾਈਲ ਦਾ ਖਰਚਾ ਤੇ ਰਜਿਸਟਰਾਂ ਦਾ ਖਰਚਾ ਵੀ ਆਂਗਣਵਾੜੀ ਵਰਕਰਾਂ ਨੂੰ ਪਲਿਓਂ ਕਰਨਾ ਪੈ ਰਿਹਾ ਹੈ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਨੀਰਜਪ੍ਰੀਤ ਕੌਰ, ਮੀਤ ਪ੍ਰਧਾਨ ਨੀਤਾ ਰਾਣੀ ਤੇ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ।