ਪੱਤਰ ਪ੍ਰੇਰਕ
ਕੁਰੂਕਸ਼ੇਤਰ, 23 ਜੂਨ
ਇਥੇ ਸਦਰ ਬਾਜ਼ਾਰ ਵਿੱਚ 50 ਫੁਟਾ ਚੌੜੀ ਸੜਕ ’ਤੇ ਖੁੱਲ੍ਹਾ ਪਿਆ ਮੈਨਹੋਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। 7-ਬੀ ਕਲੋਨੀ ਸਮੇਤ ਕਈ ਕਲੋਨੀਆਂ ਨੂੰ ਜੋੜਨ ਵਾਲੀ ਸੜਕ ’ਤੇ ਖੁੱਲ੍ਹੇ ਪਏ ਇਸ ਮੈਨਹੋਲ ਕਾਰਨ ਕਿਸੇ ਵੀ ਵੇਲੇ ਕਿਸੇ ਇਨਸਾਨ ਜਾਂ ਜਾਨਵਰ ਨਾਲ ਹਾਦਸਾ ਵਾਪਰ ਸਕਦਾ ਹੈ। ਸਥਾਨਕ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਸ ਸੜਕ ’ਤੇ ਲਗਾਈਆਂ ਗਈਆਂ ਲਾਈਟਾਂ ਵੀ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਰਾਤ ਵੇਲੇ ਹਨੇਰੇ ਕਾਰਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ। ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਇਸ ਬਾਰੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ, ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਸਦਰ ਬਾਜ਼ਾਰ ਮਾਰਕੀਟ ਦੇ ਪ੍ਰਧਾਨ ਰਾਮ ਲਾਲ ਅਰੋੜਾ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਫਰਵਰੀ ਮਹੀਨੇ ਵਿੱਚ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੜਕ ਬਣਨ ਤੋਂ ਸਿਰਫ਼ ਇੱਕ ਹਫ਼ਤੇ ਬਾਅਦ ਹੀ ਮੈਨਹੋਲ ਦਾ ਢੱਕਣ ਟੁੱਟ ਗਿਆ ਸੀ। ਹੁਣ ਤੱਕ ਇਸ ਮੈਨਹੋਲ ਕਾਰਨ ਕਈ ਵਾਹਨ ਚਾਲਕ ਖ਼ਜ਼ਮੀ ਹੋ ਚੁੱਕੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਇੱਥੇ ਮੈਨਹੋਲ ਦਾ ਪਤਾ ਹੀ ਨਹੀਂ ਚਲਦਾ, ਜਿਸ ਕਾਰਨ ਵਾਹਨ ਚਾਲਕ ਬਹੁਤੀ ਵਾਰ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਸਬੰਧਤ ਠੇਕੇਦਾਰ ਨੰਦੂ ਨੂੰ ਕਈ ਵਾਰ ਮੈਨਹੋਲ ਦਾ ਢੱਕਣ ਠੀਕ ਕਰਨ ਦੀ ਅਪੀਲ ਕੀਤੀ ਹੈ, ਪਰ ਅਜੇ ਤੱਕ ਇਹ ਕੰਮ ਨਹੀਂ ਕੀਤਾ ਗਿਆ।