ਪੱਤਰ ਪ੍ਰੇਰਕ
ਟੋਹਾਣਾ, 24 ਜੁਲਾਈ
ਇਥੋਂ ਦੇ ਪਿੰਡ ਚਮਾਰਖੇੜਾ ਦੇ ਬਜ਼ੁਰਗ ਜੋੜੇ ਨੇ ਲੰਬੀ ਬਿਮਾਰੀ ਤੋਂ ਤੰਗ ਆ ਕੇ ਕੀਟਨਾਸ਼ਕ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਖੇਤ ’ਚ ਢਾਣੀ ਵਿੱਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਬਜ਼ੁਰਗ ਅਮਰ ਸਿੰਘ ਸ਼ਰਮਾ (84) ਤੇ ਪਤਨੀ ਸੋਨਾ (82) ਦਾ ਪਰਿਵਾਰ ਖੇਤੀ ਕਰਦਾ ਹੈ ਤੇ ਖੁਸ਼ਹਾਲ ਪਰਿਵਾਰ ਸੀ। ਸੋਨਾ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਕਾਰਨ ਮੰਜੇ ’ਤੇ ਸੀ। ਉਨ੍ਹਾਂ ਦੇ ਬੇਟੇ ਰਾਮਸ਼ਰਨ ਤੇ ਵਿਆਹੁਤਾ ਬੇਟੀ ਰਾਜਬਾਲਾ ਨੇ ਦੱਸਿਆ ਕਿ ਉਸ ਦਾ ਭਰਾ ਜਦੋਂ ਸਵੇਰੇ ਢਾਣੀ ’ਤੇ ਪੁੱਜਾ ਤਾਂ ਉਨ੍ਹਾਂ ਦੇ ਪਿਤਾ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਕੀਟਨਾਸ਼ਕ ਦਵਾਈ ਪੀ ਲਈ ਹੈ। ਉਨ੍ਹਾਂ ਨੂੰ ਤੁਰੰਤ ਡਾਕਟਰ ਕੋਲ ਲਿਆਂਦਾ ਗਿਆ ਤਾਂ ਉਸ ਵੇਲੇ ਤਕ ਜੋੜੇ ਦੀ ਮੌਤ ਹੋ ਚੁੱਕੀ ਸੀ। ਵਾਰਦਾਤ ਦੀ ਸੂਚਨਾ ਭੁਨਾ ਥਾਣੇ ਦਿੱਤੀ ਗਈ। ਐੱਸਐੱਚਓ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪੁੱਜੀ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।