ਪੱਤਰ ਪ੍ਰੇਰਕ
ਫਰੀਦਾਬਾਦ, 17 ਅਗਸਤ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਫਰੀਦਾਬਾਦ ਵਿੱਚ ਮਾਤਾ ਅੰਮ੍ਰਿਤਾ ਆਨੰਦਮਈ ਦੁਆਰਾ ਸਥਾਪਤ 2400 ਬਿਸਤਰਿਆਂ ਵਾਲਾ ਹਸਪਤਾਲ ਖੇਤਰ ਦਾ ਸਭ ਤੋਂ ਵੱਡਾ ਅਤੇ ਅਤਿ ਆਧੁਨਿਕ ਹਸਪਤਾਲ ਹੈ। ਇਹ ਹਸਪਤਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀਆਂ ਸਰਵੋਤਮ ਸੇਵਾਵਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਸ ਦੇ ਲਈ ਸੂਬੇ ਦੇ ਲੋਕਾਂ ਦੀ ਤਰਫੋਂ ਮਾਤਾ ਅੰਮ੍ਰਿਤਾ ਆਨੰਦਮਈ ਦਾ ਧੰਨਵਾਦ ਕੀਤਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਬੁੱਧਵਾਰ ਨੂੰ ਅੰਮ੍ਰਿਤਾ ਹਸਪਤਾਲ ’ਚ ਮਾਂ ਅੰਮ੍ਰਿਤਾ ਆਨੰਦਮਈ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਗ੍ਰੇਟਰ ਫਰੀਦਾਬਾਦ ਸਮੇਤ ਅੰਮ੍ਰਿਤਾ ਹਸਪਤਾਲ ਲਈ ਸਰਵੋਤਮ ਜਨਤਕ ਆਵਾਜਾਈ ਸੇਵਾਵਾਂ ਵਿਕਸਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਇਹ ਹਸਪਤਾਲ ਮਾਨਵਤਾ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਅਤੇ ਉਨ੍ਹਾਂ ਨੂੰ ਜੋ ਵੀ ਮਦਦ ਦੀ ਲੋੜ ਹੋਵੇਗੀ, ਸੂਬਾ ਸਰਕਾਰ ਉਸ ਲਈ ਹਮੇਸ਼ਾ ਤਿਆਰ ਰਹੇਗੀ। ਉਨ੍ਹਾਂ ਕਿਹਾ ਕਿ ਸਿਟੀ ਬੱਸ ਸੇਵਾਵਾਂ ਪਹਿਲਾਂ ਹੀ ਵਧਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਐੱਫਐੱਮਡੀਏ ਗ੍ਰੇਟਰ ਫਰੀਦਾਬਾਦ ਵਿੱਚ ਇੱਕ ਵੱਖਰਾ ਬੱਸ ਡਿੱਪੂ ਸਥਾਪਤ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਮਾਤਾ ਅੰਮ੍ਰਿਤਾ ਆਨੰਦਮਈ ਨੇ ਕਿਹਾ ਕਿ ਕੋਈ ਵੀ ਵਿਅਕਤੀ ਚੰਗੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ, ਇਸੇ ਸੋਚ ਨਾਲ ਉਨ੍ਹਾਂ ਨੇ ਕੋਚੀ ਤੋਂ ਬਾਅਦ ਫਰੀਦਾਬਾਦ ਵਿੱਚ ਇਹ ਦੂਜਾ ਹਸਪਤਾਲ ਸਥਾਪਤ ਕੀਤਾ ਹੈ। ਇਸ ਮੌਕੇ ਰਾਜ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਰਾਜੇਸ਼ ਨਗਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਅਜੇ ਗੌੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰੀਆ, ਮੀਡੀਆ ਕਾਰਡੀਨੇਟਰ ਮੁਕੇਸ਼ ਵਸ਼ਿਸ਼ਟ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।